ਜੈਪੁਰ: ਰਾਜਧਾਨੀ ਜੈਪੁਰ 'ਚ ਇੱਕ ਨੌਜਵਾਨ ਨੂੰ ਬਿਨ੍ਹਾਂ ਕੱਪੜਿਆਂ ਦੇ ਮੁਹੱਲੇ ਵਿੱਚ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜੈਪੁਰ ਦੇ ਜਵਾਹਰ ਨਗਰ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਪੂਰੇ ਇਲਾਕੇ ਦੀਆਂ ਗਲੀਆਂ ਵਿੱਚ ਘੁਮਾਇਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪੀੜਤ ਲੜਕੀ ਨੇ ਜਵਾਹਰ ਨਗਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।
ਜਾਣਕਾਰੀ ਮੁਤਾਬਕ ਜਿਸ ਨੌਜਵਾਨ ਨੂੰ ਨੰਗਿਆਂ ਕਰ ਘੁਮਾਇਆ ਗਿਆ ਸੀ, ਉਸ 'ਤੇ ਇੱਕ ਕੁੜੀ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਹੈ। ਦੂਸਰੀਆਂ ਪਾਰਟੀਆਂ ਦੇ ਲੋਕਾਂ ਨੇ ਨੌਜਵਾਨ ਖਿਲਾਫ ਕੁੜੀ ਨਾਲ ਛੇੜਛਾੜ ਕਰਨ ਅਤੇ ਐਸਸੀ-ਐਸਟੀ ਐਕਟ ਤਹਿਤ ਕੇਸ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਨੂੰ ਵੀ ਸ਼ਾਂਤੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਜਵਾਹਰ ਨਗਰ ਥਾਣਾ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਲੜਕੀ ਨਾਲ ਟਿਕਟੋਕ ਉੱਤੇ ਇੱਕ ਵੀਡੀਓ ਵਾਇਰਲ ਕੀਤਾ ਸੀ। ਕੁੜੀ ਦੇ ਭਰਾ ਨੂੰ ਇਸ ਬਾਰੇ ਪਤਾ ਲੱਗਿਆ। ਜਿਸ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਫੜ ਲਿਆ ਗਿਆ ਅਤੇ ਸੁਨ-ਸਾਨ ਜਗ੍ਹਾ ਲੈ ਜਾਇਆ ਗਿਆ। ਜਿੱਥੇ ਨੌਜਵਾਨ ਦੇ ਕੱਪੜੇ ਉਤਾਰਕੇ ਉਸ ਨੂੰ ਕੁੱਟਿਆ ਗਿਆ। ਇਸ ਤੋਂ ਬਾਅਦ, ਨੌਜਵਾਨ ਨਾਲ ਮਾਰ ਕੁੱਕ ਕਰਦਿਆਂ ਉਸ ਨੂੰ ਜਵਾਹਰ ਨਗਰ ਇਲਾਕੇ ਵਿੱਚ ਘੁਮਾਕੇ ਉਸਦੇ ਘਰ ਤੱਕ ਲੈਕੇ ਗਏ।
ਇਸ ਦੌਰਾਨ ਇਲਾਕੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਪਰ ਕਿਸੇ ਨੇ ਵੀ ਨੌਜਵਾਨ ਨੂੰ ਕੱਪੜੇ ਨਹੀਂ ਦਿੱਤੇ ਅਤੇ ਨਾ ਹੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਬਲਕਿ ਲੋਕ ਇਸ ਪੂਰੀ ਘਟਨਾ ਨੂੰ ਤਮਾਸ਼ੇ ਵਜੋਂ ਵੇਖਦੇ ਰਹੇ। ਨੌਜਵਾਨ ਨੂੰ ਕੁੱਟਣ ਵਾਲੇ ਲੋਕਾਂ ਨੇ ਇੱਕ ਵੀਡੀਓ ਵੀ ਬਣਾਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਪੀੜਤ ਥਾਣੇ ਪਹੁੰਚਿਆ ਅਤੇ ਉਸ ਨੇ ਮਾਮਲਾ ਦਰਜ ਕਰਵਾਇਆ।
ਆਦਰਸ਼ ਨਗਰ ਦੇ ਏ.ਸੀ.ਪੀ. ਪੁਸ਼ਪੇਂਦਰ ਸਿੰਘ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਦੋਵਾਂ ਧਿਰਾਂ ਤੋਂ ਮਾਮਲਾ ਆਉਣ ਤੋਂ ਬਾਅਦ ਉਸਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੀੜਤ ਨੌਜਵਾਨ ਵੱਲੋਂ ਇਕ ਰਿਪੋਰਟ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਦੂਸਰੀ ਧਿਰ ਵੱਲੋਂ ਛੇੜਛਾੜ ਅਤੇ ਐਸਟੀ-ਐਸਸੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਜਾਂਚ ਚੱਲ ਰਹੀ ਹੈ।