ਨਵੀਂ ਦਿੱਲੀ: ਸਵਿਟਜ਼ਰਲੈਂਡ ਦਾ ਖੂਬਸੂਰਤ ਸ਼ਹਿਰ ਦਾਵੋਸ ਵਰਲਡ ਇਕਨਾਮਿਕ ਫੋਰਮ ਦੀ 50ਵੀਂ ਸਾਲਾਨਾ ਮੀਟਿੰਗ ਨੂੰ ਲੈ ਕੇ ਕਿਲੇ ਵਿੱਚ ਤਬਦੀਲ ਹੋ ਗਿਆ ਹੈ। ਦੁਨੀਆ ਭਰ ਦੇ ਤਾਕਤਵਰ ਆਗੂਆਂ ਅਤੇ ਅਮੀਰਾਂ ਦੇ ਹੋ ਰਹੇ ਇਕੱਠ ਨੂੰ ਵੇਖਦਿਆਂ ਸ਼ਹਿਰ ਨੂੰ ਕਿਲੇ ਵਾਂਗ ਸੁਰੱਖਿਅਤ ਬਣਾਇਆ ਗਿਆ ਹੈ।
ਡਰੋਨ, ਰੇਡਾਰ, ਲੜਾਕੂ ਜਹਾਜ਼ ਆਦਿ ਰਾਹੀਂ ਲਗਾਤਾਰ ਸਥਿਤੀ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ। ਸਵਿਟਜ਼ਰਲੈਂਡ ਸਰਕਾਰ ਨੇ ਸ਼ਹਿਰ ਦੀ ਸੁਰੱਖਿਆ ਵਿੱਚ ਫੌ਼ਜ ਦੇ ਪੰਜ ਹਜ਼ਾਰ ਜਵਾਨ, ਹਜ਼ਾਰਾਂ ਪੁਲਿਸ ਜਵਾਨ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਤੈਨਾਤ ਕੀਤੇ ਹਨ।
ਵਰਲਡ ਇਕਨਾਮਿਕ ਫੋਰਮ ਦੀ 50ਵੀਂ ਸਲਾਨਾ ਮੀਟਿੰਗ ਦਾਵੋਸ ਵਿੱਚ 20 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਗਲੋਬਲ ਕਾਰੋਬਾਰੀਆਂ, ਵਪਾਰੀਆਂ ਅਤੇ ਆਗੂਆਂ ਨਾਲ ਹੀ ਭਾਰਤ ਨਾਲ ਵੀ 100 ਤੋਂ ਜ਼ਿਆਦਾ ਕਾਰੋਬਾਰੀ ਅਤੇ ਆਗੂ ਆਰਥਿਕ ਮਹੱਤਵ ਤੇ ਰਾਜਨੀਤਿਕ ਮਾਮਲਿਆਂ ਉੱਤੇ ਚਰਚਾ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਡੀਜੀਪੀ ਦਿਨਕਰ ਗੁਪਤਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, 26 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ
ਇਸ ਪ੍ਰੋਗਰਾਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਅਫਗਾਨਿਸਤਾਨ, ਆਇਰਲੈਂਡ, ਫਿਨਲੈਂਡ, ਬ੍ਰਾਜ਼ੀਲ, ਇਰਾਕ, ਸਿੰਗਾਪੁਰ ਸਣੇ ਹੋਰ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸ਼ਾਮਲ ਹੋ ਸਕਦੇ ਹਨ।
ਭਾਰਤ ਦੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਮਨਸੁਖ ਮੰਡਾਵੀਆ ਤੇ ਤਿੰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਮਲਨਾਥ ਅਤੇ ਬੀਐਸ ਯੇਦਿਯੁਰੱਪਾ ਸਣੇ ਭਾਰਤੀ ਕੰਪਨੀਆਂ ਦੇ 100 ਤੋਂ ਜ਼ਿਆਦਾ ਮੁੱਖ ਕਾਰਜਕਾਰੀ ਅਧਿਕਾਰੀ ਇਸ ਵਿੱਚ ਹਿੱਸਾ ਲੈਣਗੇ।
ਇਸ ਦੌਰਾਨ ਚਰਚਾ ਲਈ ਚੁਣੇ ਗਏ ਵਿਸ਼ਿਆਂ ਵਿਚ ਮਾਨਸਿਕ ਸਿਹਤ ਦਾ ਵਿਸ਼ਾ ਪ੍ਰਮੁੱਖ ਰਿਹਾ ਅਤੇ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਇਸ ਵਿਸ਼ੇ 'ਤੇ ਗੱਲ ਕੀਤਾ। ਇਸ ਦੇ ਨਾਲ ਹੀ ਈਸ਼ਾ ਫਾਉਂਡੇਸ਼ਨ ਦੇ ਸੰਸਥਾਪਕ ਸਦਗੁਰੂ ਜੱਗੀ ਵਾਸੂਦੇਵ ਇਸ ਸਮਾਰੋਹ ਵਿੱਚ ਸਵੇਰ ਦਾ ਧਿਆਨ ਸੈਸ਼ਨ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਣੇ ਕਈ ਹੋਰ ਗਲੋਬਲ ਆਗੂਆਂ ਦੇ ਵੀ ਇਸ ਸਮਾਗਮ ਵਿਚ ਹਿੱਸਾ ਲੈਣ ਦੀ ਉਮੀਦ ਹੈ। ਹਾਲਾਂਕਿ, ਟਰੰਪ ਅਤੇ ਪੁਤਿਨ ਦੀ ਸ਼ਮੂਲੀਅਤ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।
ਇਹ ਵੀ ਪੜ੍ਹੋ: CAA ਦੇ ਸਮਰਥਨ 'ਚ ਅਮਿਤ ਸ਼ਾਹ ਦੀ ਰੈਲੀ ਅੱਜ, ਵੱਡੀ ਗਿਣਤੀ 'ਚ ਸ਼ਾਮਲ ਹੋ ਸਕਦੇ ਹਨ ਸਮਰਥਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਗ਼ੈਰ-ਹਾਜ਼ਰ ਹੋ ਸਕਦੇ ਹਨ।
ਜਿਨ੍ਹਾਂ ਗਲੋਬਲ ਆਗੂਆਂ ਨੇ ਸਮਾਗਮ ਵਿੱਚ ਹਿੱਸਾ ਲੈਣ ਲਈ ਸਹਿਮਤੀ ਪ੍ਰਗਟਾਈ ਹੈ ਉਨ੍ਹਾਂ ਵਿਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ, ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ, ਇਰਾਕ ਦੇ ਰਾਸ਼ਟਰਪਤੀ ਬਾਰਹਮ ਸਾਲੀਹ, ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਈਨ ਲੂਂਗ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਉਏਲੀ ਮੌਰੇਰ ਸ਼ਾਮਲ ਹਨ।