ਨਵੀਂ ਦਿੱਲੀ : ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਾਇਟਲਰ ਵਿਰੁੱਧ 1984 ਦੇ ਸਿੱਖ ਦੰਗਿਆਂ ਵਿੱਚ ਪੁਲਬੰਗਸ਼ ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਕੇਸ਼ ਦਰਜ ਕਰਵਾਇਆ ਹੈ।
ਦੱਸ ਦਈਏ ਕਿ ਇੰਨ੍ਹਾਂ ਦੰਗਿਆਂ ਵਿੱਚ 2 ਸਿੱਖਾਂ ਨੂੰ ਜਿਉਂਦਾ ਜਲਾ ਦਿੱਤਾ ਗਿਆ ਸੀ ਅਤੇ ਇੱਕ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਾ ਦਿੱਤੀ ਗਈ ਸੀ।
ਦਰਅਸਲ ਸਿੱਖ ਦੰਗਿਆਂ ਤੋਂ 35 ਸਾਲਾਂ ਬਾਅਦ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਰੁੱਧ ਇਹ ਤੀਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਦਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਕਮਲਨਾਥ ਵਿਰੁੱਧ ਮਾਮਲਾ ਐੱਸਆਈਟੀ ਰਾਹੀਂ ਫ਼ਿਰ ਤੋਂ ਖੋਲ੍ਹ ਦਿੱਤਾ ਹੈ।
ਉੱਥੇ ਹੀ ਕੋਰਟ ਨੇ ਸੀਬੀਆਈ ਨੂੰ ਚਸ਼ਮਦੀਦਾਂ ਦੇ ਬਿਆਨਾਂ ਦਰਜ ਕਰਨ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਹੈ।
ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਕਿ ਮਾਮਲਾ ਸ਼੍ਰੀ ਨਵੀਨ ਕਸ਼ਿਅਪ ਦੇ ਰੋਜ ਐਵਿਨਿਊ ਕੋਰਟ ਵਿੱਚ ਦਾਇਰ ਕੀਤਾ ਗਿਆ। ਇਥੇ ਦੋ ਚਸ਼ਮਦੀਦ ਅਮਰਜੀਤ ਸਿੰਘ ਅਤੇ ਹਰਪਾਲ ਕੌਰ ਜੱਜ ਦੇ ਸਾਹਮਣੇ ਪੇਸ਼ ਹੋਏ ਅਤੇ ਅਦਾਲਤ ਨੂੰ ਦੱਸਿਆ ਕਿ ਜਗਦੀਸ਼ ਟਾਇਟਲਰ ਨੇ ਭੀੜ ਨੂੰ ਸਿੱਖਾਂ ਨੂੰ ਮਾਰਨ ਵਾਸਤੇ ਉਕਸਾਇਆ ਸੀ।
ਉਨ੍ਹਾਂ ਨੇ ਕਿਹਾ ਕਿ ਉਹ ਧਾਰਾ 164 ਅਧੀਨ ਆਪਣੇ ਬਿਆਨ ਦਰਜ ਕਰਨ ਲਈ ਤਿਆਰ ਹਨ।
ਸਿਰਸਾ ਨੇ ਅੱਗੇ ਦੱਸਿਆ ਕਿ ਜੱਜ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਅਦਾਲਤ ਨੇ 35 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਪੀੜਤਾਂ ਨੂੰ ਨਿਆ ਦਿਵਾਉਣ ਲਈ ਸੀਬੀਆਈ ਨੂੰ ਨੋਟਿਸ ਵੀ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ DSGMC ਵੀ ਇਸ ਮਾਮਲੇ ਨੂੰ ਅੱਗੇ ਵਧਾਏਗੀ ਅਤੇ ਇਹ ਨਿਸ਼ਚਿਤ ਕਰੇਗੀ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਗਿਆ।
DSGMC ਪ੍ਰਧਾਨ ਨੇ ਕਿਹਾ ਕਿ ਇੱਕ ਪੁਰਾਣੇ ਮਾਮਲੇ ਵਿੱਚ ਯੂਪੀਏ ਸਰਕਾਰ ਦੇ ਕਾਰਜ਼ਕਾਲ ਦੌਰਾਨ ਟਾਇਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਨੂੰ ਸੀਬੀਆਈ ਨੇ ਬਰੀ ਕਰ ਦਿੱਤਾ ਸੀ। ਗਾਂਧੀ ਪਰਿਵਾਰ ਦੇ ਪ੍ਰਭਾਵ ਕਾਰਨ ਇੰਨ੍ਹਾਂ ਸਾਰਿਆਂ ਨੂੰ ਸਬੂਤਾਂ ਵਿੱਚ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਸਿੱਖ ਭਾਈਚਾਰੇ ਨੂੰ 35 ਸਾਲਾਂ ਬਾਅਦ ਆਖ਼ਿਰਕਾਰ ਰਾਹਤ ਮਿਲੀ ਹੈ ਕਿ ਦੋਸ਼ੀ ਹੁਣ ਕਾਨੂੰਨ ਦਾ ਸਾਹਮਣਾ ਕਰ ਰਹੇ ਹਨ ਅਤੇ ਅਦਾਲਤਾਂ ਵੱਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਇੰਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।
ਜਾਣਕਾਰੀ ਹੈ ਕਿ ਉਸ ਮਾਮਲੇ ਵਿੱਚ ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ ਤੋਂ ਹੀ ਕਮਲਨਾਥ ਦੀਆਂ ਵੀ ਮੁਸ਼ਕਿਲਾਂ ਵੱਧ ਗਈਆਂ ਹਨ। ਕੁਮਾਰ ਉੱਤੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖ ਭਾਈਚਾਰੇ ਵਿਰੁੱਧ ਭੀੜ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ।
ਦੰਗਿਆਂ ਨਾਲ ਸਬੰਧਿਤ ਮਾਮਲਿਆਂ ਵਿੱਚ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਅਤੇ ਕਮਲਨਾਥ ਦਾ ਨਾਂਅ ਵੀ ਸਾਹਮਣੇ ਆਇਆ ਸੀ।