ਇਸਲਾਮਾਬਾਦ: ਜਦੋਂ ਪਾਕਿਸਤਾਨ ਨੇ ਫ਼ਰਵਰੀ 2019 ਵਿੱਚ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਅਗਵਾਹ ਕਰ ਲਿਆ ਸੀ, ਤਾਂ ਪਾਕਿਸਤਾਨ ਵਿੱਚ ਇੱਕ ਉੱਚ ਪੱਧਰੀ ਬੈਠਕ ਵਿੱਚ ਤਤਕਾਲੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਸੀ ਕਿ ਭਾਰਤ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਹੈ। ਇਹ ਸੁਣਦਿਆਂ ਬੈਠਕ ਵਿੱਚ ਮੌਜੂਦ ਪਾਕਿ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਦੀਆਂ ਲੱਤਾਂ ਕੰਬਣ ਲੱਗ ਗਈਆਂ ਸਨ। ਇਹ ਦਾਅਵਾ ਬੈਠਕ ਵਿੱਚ ਸ਼ਾਮਿਲ ਇੱਕ ਪਾਕਿਸਤਾਨੀ ਸੰਸਦ ਮੈਂਬਰ ਨੇ ਕੀਤਾ ਹੈ। ਜਿਸ ਤੋਂ ਬਾਅਦ ਇਮਰਾਨ ਖ਼ਾਨ ਦੀ ਸਰਕਾਰ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ।
ਪਾਕਿਸਤਾਨੀ ਸੰਸਦ ਨੈਸ਼ਨਲ ਅਸੈਂਬਲੀ ਦੇ ਇੱਕ ਭਾਸ਼ਣ ਵਿੱਚ, ਪਾਕਿਸਤਾਨ ਮੁਸਲਿਮ ਲੀਗ-ਐਨ (ਪੀਐਮਐਲ-ਐਨ) ਦੇ ਨੇਤਾ ਅਯਾਜ਼ ਸਾਦਿਕ ਨੇ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਖ਼ਾਸ ਬੈਠਕ ਵਿੱਚ ਕਿਹਾ ਸੀ ਕਿ ਜੇਕਰ ਪਾਕਿਸਤਾਨ ਵਿੰਗ ਕਮਾਂਡਰ ਵਰਧਮਾਨ ਨੂੰ ਨਾ ਛੱਡਿਆ ਤਾਂ, ਭਾਰਤ ਰਾਤ 9 ਵਜੇ ਤੱਕ ਪਾਕਿਸਤਾਨ 'ਤੇ ਹਮਲਾ ਕਰ ਦੇਵੇਗਾ।
ਪੀਐਮਐਲ-ਐਨ ਦੇ ਨੇਤਾ ਨੇ ਵਿਰੋਧੀ ਨੇਤਾਵਾਂ ਨੂੰ ਦੱਸਿਆ ਕਿ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੀਪੀਪੀ ਅਤੇ ਪੀਐਮਐਲ-ਐਨ ਦੇ ਨੇਤਾ ਅਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਸੰਸਦੀ ਨੇਤਾਵਾਂ ਦੀ ਬੈਠਕ ਵਿੱਚ ਵਿੰਗ ਕਮਾਂਡਰ ਵਰਧਮਾਨ ਨੂੰ ਰਿਹਾਅ ਕਰਨ ਲਈ ਕਿਹਾ ਸੀ।
ਉਨ੍ਹਾਂ ਕਿਹਾ, “ਮੈਨੂੰ ਯਾਦ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਉਸ ਬੈਠਕ ਵਿੱਚ ਸਨ, ਜਿਸ ਵਿੱਚ ਇਮਰਾਨ ਖ਼ਾਨ ਨੇ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫ਼ੌਜ ਮੁਖੀ ਜਨਰਲ ਬਾਜਵਾ ਕਮਰੇ ਵਿੱਚ ਆਏ ਸਨ, ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਉਨ੍ਹਾਂ ਨੂੰ ਪਸੀਨਾ ਆ ਰਿਹਾ ਸੀ। ਵਿਦੇਸ਼ ਮੰਤਰੀ ਨੇ ਕਿਹਾ, ਅਭਿਨੰਦਨ ਵਰਧਮਾਨ ਨੂੰ ਜਾਣ ਦਿਓ, ਨਹੀਂ ਤਾਂ ਰਾਤ 9 ਵਜੇ ਤੱਕ ਭਾਰਤ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਹੈ।'
ਦੱਸ ਦੇਈਏ ਕਿ ਪੁਲਵਾਮਾ ‘ਚ ਸੀਆਰਪੀਐਫ਼ ਦੀ ਟੁਕੜੀ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਅਗਲੇ ਹੀ ਦਿਨ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਲਈ ਹਵਾਈ ਹਮਲੇ ਕੀਤੇ ਸਨ, ਅਗਲੇ ਹੀ ਦਿਨ ਪਾਕਿਸਤਾਨ ਲੜਾਕੂ ਜਹਾਜ਼ ਐਫ਼ -16 ਨੂੰ ਭਾਰਤ ਨੇ ਸੁੱਟ ਦਿੱਤਾ ਸੀ। ਇੱਕ ਹੋਰ ਜਹਾਜ਼ ਦਾ ਪਿੱਛਾ ਕਰਦੇ ਹੋਏ ਅਭਿਨੰਦਨ ਵਰਧਮਾਨ ਦਾ ਲੜਾਕੂ ਜਹਾਜ਼ ਪਾਕਿਸਤਾਨ ਵਿੱਚ ਦਾਖ਼ਲ ਹੋ ਗਿਆ ਸੀ ਜਿੱਥੇ ਉਸ ਨੂੰ ਹੇਠਾਂ ਉਤਾਰਿਆ ਗਿਆ ਅਤੇ ਬੰਧਕ ਬਣਾ ਲਿਆ ਗਿਆ। ਬਾਅਦ ਵਿੱਚ ਉਸ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਸੀ। ਵਰਧਮਾਨ 1 ਮਾਰਚ, 2019 ਨੂੰ ਵਾਹਘਾ-ਅਟਾਰੀ ਦੇ ਰਸਤੇ ਭਾਰਤ ਪਰਤ ਆਏ ਸਨ।