ਸ਼ਿਮਲਾ: ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਬੁੱਧਵਾਰ 25 ਨਵੰਬਰ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਲਈ ਯੈਲੋ ਚਿਤਾਵਨੀ ਜਾਰੀ ਕੀਤੀ ਹੈ। ਸੋਮਵਾਰ ਨੂੰ ਵੀ ਸੂਬੇ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਈ, ਜਦੋਂ ਕਿ ਕੁੱਲੂ ਅਤੇ ਲਾਹੌਲ ਸਮੇਤ ਉਚਾਈ ਵਾਲੇ ਇਲਾਕਿਆਂ ਵਿੱਚ ਬਰਫਬਾਰੀ ਹੋਈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੂਬੇ ਵਿੱਚ 26 ਨਵੰਬਰ ਤੱਕ ਮੌਸਮ ਪਹਿਲਾਂ ਵਾਂਗ ਰਹੇਗਾ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
7 ਜ਼ਿਲ੍ਹੇ ਜਿਥੇ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ, ਵਿੱਚ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮੰਡੀ ਅਤੇ ਕਾਂਗੜਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਭਾਰੀ ਬਾਰਸ਼ ਨਾਲ ਕਿੰਨੌਰ ਤੋਂ ਲਾਹੌਲ ਸਪਿਤੀ ਅਤੇ ਕੁੱਲੂ, ਸ਼ਿਮਲਾ, ਚੰਬਾ ਦੇ ਉਪਰਲੇ ਇਲਾਕਿਆਂ ਵਿੱਚ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਦਾ ਅਨੁਮਾਨ
ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਸੂਬੇ ਵਿੱਚ 26 ਨਵੰਬਰ ਤੱਕ ਮੌਸਮ ਖ਼ਰਾਬ ਰਹੇਗਾ। ਬੁੱਧਵਾਰ 25 ਨਵੰਬਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਸ਼ ਅਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
25 ਨਵੰਬਰ ਬੁੱਧਵਾਰ ਨੂੰ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਉਪਰਲੇ ਇਲਾਕਿਆਂ ਵਿਚ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਚੰਬਾ, ਕੁੱਲੂ, ਸ਼ਿਮਲਾ, ਕਿਨੌਰ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ਵਿੱਚ ਬਾਰਸ਼ ਦੇ ਨਾਲ ਬਰਫਬਾਰੀ ਹੋ ਸਕਦੀ ਹੈ। 26 ਨਵੰਬਰ ਨੂੰ ਹੇਠਲੇ ਇਲਾਕਿਆਂ ਵਿੱਚ ਮੌਸਮ ਸਾਫ ਰਹਿਣ ਦੀ ਉਮੀਦ ਹੈ ਪਰ ਕੇਂਦਰੀ ਅਤੇ ਉਪਰਲੇ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਬਰਫਬਾਰੀ ਹੋ ਸਕਦੀ ਹੈ।
ਉੁੱਤਰ ਭਾਰਤ ਵਿੱਚ ਠੰਡ ਦਾ ਜੋਰ
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਾਰਸ਼ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਰਿਕਾਰਡ ਕੀਤੀ ਗਈ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਸੂਬੇ ਦੇ ਉਪਰਲੇ ਇਲਾਕਿਆਂ ਵਿੱਚ ਬਰਫਬਾਰੀ ਹੋਣ ਕਾਰਨ ਠੰਢ ਨੇ ਕਾਂਬਾ ਛੇੜ ਦਿੱਤਾ। ਮੌਸਮ ਵਿੱਚ ਹੋਈ ਇਸ ਤਬਦੀਲੀ ਕਾਰਨ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਕਮੀ ਆਈ ਹੈ। ਕਈ ਥਾਵਾਂ 'ਤੇ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ ਹੇਠ ਪਹੁੰਚ ਗਿਆ ਹੈ। ਸ਼ਿਮਲਾ ਤੋਂ ਧਰਮਸ਼ਾਲਾ ਅਤੇ ਡਲਹੌਜ਼ੀ ਤੋਂ ਕੈਲੋਂਗ ਤੱਕ ਤਾਪਮਾਨ ਘੱਟ ਰਿਹਾ ਹੈ।