ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਹਸਪਤਾਲਾਂ ਵਿੱਚ ਦਿੱਲੀ ਵਾਸੀਆਂ ਲਈ ਰਾਖਵੇਂਕਰਨ ਦੇ ਫ਼ੈਸਲੇ ਨੂੰ ਉਲਟਾਉਣ ਤੋਂ ਬਾਅਦ ਆਮ ਆਦਮ ਪਾਰਟੀ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਨਕਾਰਦੇ ਹੋਏ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਹਾਂ ਤੇ ਦਿੱਲੀ ਸਭ ਦੀ ਹੈ।
ਐਲਜੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮਰੀਜ਼ਾਂ ਵਿੱਚ ਪੱਖਪਾਤ ਕਰਨ ਦੀ ਬਜਾਏ ਸਰਕਾਰ ਦਾ ਟੀਚਾ ਯੋਗ ਢਾਂਚੇ ਨੂੰ ਤਿਆਰ ਕਰਨ ਦਾ ਹੋਣਾ ਚਾਹੀਦਾ ਹੈ।
'ਆਪ' ਵੱਲੋਂ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਅਨਿਲ ਬੈਜਲ ਨੇ ਕਿਹਾ, "ਅਸੀਂ ਸਾਰੇ ਭਾਰਤੀ ਹਾਂ ਅਤੇ ਦਿੱਲੀ ਸਾਰਿਆਂ ਦੀ ਹੈ।"
ਬਿਆਨ ਵਿੱਚ ਕਿਹਾ ਗਿਆ ਹੈ, "ਇਹ ਮੰਦਭਾਗਾ ਹੈ ਕਿ ਕੋਈ ਵੀ ਜ਼ਿੰਮੇਵਾਰ ਸਰਕਾਰ ਰਿਹਾਇਸ਼ ਦੇ ਅਧਾਰ 'ਤੇ ਮਰੀਜ਼ਾਂ ਵਿੱਚ ਪੱਖਪਾਤ ਕਰਨ ਦੀ ਕੋਸ਼ਿਸ਼ ਕਰੇ।"
ਨਾਲ ਹੀ ਇਹ ਵੀ ਗਿਆ ਹੈ ਕਿ ਇਹ ਰਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਹਸਪਤਾਲਾਂ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਸੰਵਿਧਾਨਕ ਵਿਵਸਥਾਵਾਂ ਅਨੁਸਾਰ ਸਿਹਤ ਸੇਵਾਵਾਂ ਮੁਹੱਈਆ ਕਰਵਾਏ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੇ ਉਸ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ ਵਿੱਚ ਸਿਰਫ਼ ਦਿੱਲੀ ਦੇ ਵਸਨੀਕਾਂ ਦਾ ਹੀ ਇਲਾਜ ਹੋ ਸਕੇਗਾ।
ਇਸ ਦੇ ਨਾਲ ਹੀ ਐਲਜੀ ਨੇ ਸਰਕਾਰ ਦੇ ਉਸ ਫ਼ੈਸਲੇ ਨੂੰ ਵੀ ਨਕਾਰ ਦਿੱਤਾ ਸੀ, ਜਿਸ ਵਿੱਚ ਸਿਰਫ਼ ਕੋਰੋਨਾ ਦੇ ਲੱਛਣ ਵਾਲੇ ਮਰੀਜ਼ਾਂ ਲਈ ਹੀ ਕੋਰੋਨਾ ਵਾਇਰਸ ਜਾਂਚ ਦੀ ਗੱਲ ਕਹੀ ਗਈ ਸੀ।