ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਵਿਖੇ ਇਸ ਵੇਲੇ ਸਭ ਤੋਂ ਜ਼ਿਆਦਾ ਬੱਚਿਆਂ ਦੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਘਟਨਾ ਬੈਤੂਲ ਦੇ ਸ਼ਾਹਪੁਰ ਥਾਣਾ ਖੇਤਰ ਦੇ ਸਿਤਲਝਿਰੀ ਪੰਚਾਇਤ ਨਵਲਸਿੰਘ ਢਾਨਾ ਦੀ ਹੈ।
ਦੇਰ ਰਾਤ ਕਾਸਿਆ ਪਿੰਡ ਤੋਂ ਆਪਣੇ ਘਰ ਨੂੰ ਵਾਪਸ ਪਰਤ ਰਹੇ ਤਿੰਨ ਲੋਕ ਜਦੋਂ ਨਵਲਸਿੰਘ ਢਾਨਾ ਪੁਜੇ ਤਾਂ ਉਥੇ ਪਹਿਲਾਂ ਤੋਂ ਹੀ ਪਿੰਡ ਵਾਸੀਆਂ ਦੀ ਭੀੜ ਇੱਕਠੀ ਸੀ। ਲੋਕਾਂ ਦੀ ਭੀੜ ਵੇਖ ਕੇ ਤਿੰਨੋਂ ਕਾਂਗਰਸੀ ਨੇਤਾ ਘਬਰਾ ਗਏ ਅਤੇ ਕਾਰ ਰਿਵਰਸ ਕਰਨ ਲਗ ਪਏ। ਕਾਰ ਪਿਛੇ ਕੀਤੇ ਜਾਣ ਕਾਰਨ ਪਿੰਡ ਵਾਸੀਆਂ ਨੂੰ ਉਨ੍ਹਾਂ ਤੇ ਸ਼ੱਕ ਹੋਇਆ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬੱਚਾ ਚੋਰ ਸਮਝ ਕੇ ਤਿੰਨੋਂ ਕਾਂਗਰਸੀ ਨੇਤਾ ਨਾਲ ਜੰਮ ਕੇ ਕੁੱਟਮਾਰ ਕੀਤੀ।
ਇਸ ਮਾਮਲੇ ਵਿੱਚ ਪਿੰਡਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਦੋ ਚੋਰ ਪਿੰਡ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ। ਕੁਝ ਲੋਕਾਂ ਦੇ ਰੌਲਾ ਪਾਉਣ ਕਰਕੇ ਉਹ ਭੱਜ ਗਏ। ਪਿੰਡ ਵਿੱਚ ਚੋਰਾਂ ਦੇ ਵੜਨ ਦੀ ਗੱਲ ਸੁਣਦੇ ਹੀ ਸਾਰੇ ਪਿੰਡ ਵਾਸੀ ਇੱਕਠੇ ਹੋ ਗਏ ਅਤੇ ਚੋਰਾਂ ਨੂੰ ਲੱਭਣ ਲਗ ਪਏ। ਉਸ ਵੇਲੇ ਉਥੇ ਤਿੰਨੋਂ ਨੇਤਾ ਪੁਜ ਗਏ। ਉਨ੍ਹਾਂ ਵੱਲੋਂ ਗੱਡੀ ਰਿਵਰਸ ਕਰਨ ਤੇ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਹੀ ਬੱਚਾ ਚੋਰੀ ਕਰਨ ਵਾਲੇ ਚੋਰ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਗੱਡੀ ਰੋਕ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਤਾਂ ਇਹ ਘਟਨਾ ਨਹੀਂ ਵਾਪਰਦੀ।
ਦੱਸਣਯੋਗ ਹੈ ਕਿ ਜਿਨ੍ਹਾਂ ਨੇਤਾਵਾਂ ਨਾਲ ਕੁੱਟਮਾਰ ਹੋਈ ਸੀ ਉਨ੍ਹਾਂ ਦੀ ਪਛਾਣ ਧਰਮਿੰਦਰ ਸ਼ੁਕਲਾ, ਜਨਪਦ ਮੈਂਬਰ ਧਰਮੂ ਸਿੰਘ ਲਾਜਿਵਰ ਅਤੇ ਆਦਿਵਾਸੀ ਕੋਰਕ ਸੁਸਾਇਟੀ ਤਹਿਸੀਲ ਪ੍ਰਧਾਨ ਲਲਿਤ ਬਾਰਸਕਰ ਵਜੋਂ ਹੋਈ ਹੈ।
ਜਿਥੇ ਪਿੰਡ ਵਾਸੀਆਂ ਵੱਲੋਂ ਬੱਚਾ ਚੋਰੀ ਕਰਨ ਆਏ ਲੋਕਾਂ ਬਾਰੇ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਪੁਲਿਸ ਵਿੱਚ ਪਿੰਡ ਵਾਸੀਆਂ ਵਿਰੁੱਧ ਆਪਸੀ ਵਿਵਾਦ ਕਾਰਨ ਕੁੱਟਮਾਰ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।