ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਦਿੱਲੀ 'ਚ 8 ਫ਼ਰਵਰੀ ਨੂੰ ਵੋਟਾਂ ਪੈਣਗੀਆਂ ਤੇ 11 ਫ਼ਰਵਰੀ ਨੂੰ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਸੋਮਵਾਰ ਦੁਪਹਿਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਕਰ ਦਿੱਲੀ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਰਾਜਧਾਨੀ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਮੁੜ ਤੋਂ ਤਿਕੋਣੀ ਮੁਕਾਬਲਾ ਵੇਖਣ ਨੂੰ ਮਿਲੇਗਾ। ਇੱਕ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ 'ਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਇੱਕ ਦੂਜੇ ਸਾਹਮਣੇ ਹੋਣਗੀਆਂ। ਚੋਣ ਲਈ ਨੋਟੀਫਿਕੇਸ਼ਨ ਮੰਗਲਵਾਰ, 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਮੰਗਲਵਾਰ 21 ਜਨਵਰੀ ਨੂੰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਛਾਂਟੀ ਦੀ ਤਰੀਕ ਬੁੱਧਵਾਰ 22 ਜਨਵਰੀ ਹੋਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ ਸ਼ੁੱਕਰਵਾਰ 24 ਜਨਵਰੀ ਹੈ। ਦਿੱਲੀ ਵਿੱਚ ਵੋਟਿੰਗ ਸ਼ਨੀਵਾਰ, 8 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਭਾਵ ਚੋਣ ਨਤੀਜੇ 11 ਫਰਵਰੀ ਮੰਗਲਵਾਰ ਨੂੰ ਆਉਣਗੇ।
ਦਿੱਲੀ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਹਿੰਸਾ ਨੂੰ ਲੈ ਕੇ ਚੋਣਾਂ ਤੇ ਪ੍ਰਭਾਵ ਬਾਰੇ ਸੁਨੀਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੋਣਾਂ ਬਿਨ੍ਹਾਂ ਹਿੰਸਾ ਤੋਂ ਸ਼ਾਂਤੀਪੂਰਵਕ ਮੁਕੰਮਲ ਹੋ ਜਾਣਗੀਆਂ। ਜੇਕਰ ਹਾਲਾਤ ਜ਼ਿਆਦਾ ਵਿਗੜਦੇ ਹਨ ਤਾਂ ਭਾਰਤ ਦੇ ਸੰਵਿਧਾਨ ਮੁਤਾਬਕ ਚੋਣ ਕਮਿਸ਼ਨ ਕੋਲ ਤਰੀਕਾਂ ਨੂੰ ਬਦਲਣ ਦਾ ਕਾਨੂੰਨ ਵੀ ਮੌਜੂਦ ਹੈ।
ਹੁਣ ਪੋਸਟਲ ਬੈਲੇਟ ਰਾਹੀਂ ਘਰੋਂ ਪਾ ਸਕਦੇ ਵੋਟ
ਇਸ ਵਾਰ ਦਿੱਲੀ ਵਿੱਚ ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਬਜ਼ੁਰਗ ਪੋਸਟਲ ਬੈਲੇਟ ਰਾਹੀਂ ਘਰੋਂ ਵੋਟ ਪਾ ਸਕਦੇ ਹਨ। ਇਹ ਸੁਵਿਧਾ ਪਹਿਲੀ ਵਾਰੀ ਮੁਹੱਈਆ ਕਰਾਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਸਾਫ ਕਰ ਦਿੱਤਾ ਕਿ ਆਉਣ ਵਾਲੇ ਬਜਟ ਵਿੱਚ ਭਾਰਤ ਸਰਕਾਰ ਦਿੱਲੀ ਨੂੰ ਲੈ ਕੇ ਕੋਈ ਖਾਸ ਐਲਾਨ ਨਹੀਂ ਕਰ ਸਕਦੀ। ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਮਝਿਆ ਜਾਵੇਗਾ।
ਜੇਕਰ ਦਿੱਲੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਅਤੇ ਭਾਜਪਾ ਦਾ ਇੱਥੇ ਗਠਜੋੜ ਹੈ। ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ। ਇਸ ਦੇ ਨਾਲ ਹੀ ਇੱਕ 3 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜੋ ਬੀਜੇਪੀ ਦੇ ਨਾਲ ਪੇਸਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਅਤੇ ਮੀਟਿੰਗ ਕਰੇਗੀ।
ਦਿੱਲੀ ਵਿਧਾਨ ਸਭਾ ਚੋਣਾਂ 2015
ਦਿੱਲੀ 'ਚ ਵਿਧਾਨ ਸਭਾ ਚੋਣਾਂ 2015 ਵਿੱਚ ਆਪ ਨੇ ਇਤਿਹਾਸਕ ਜਿੱਤ ਹਾਸਲ ਕਰ ਕੌਮੀ ਰਾਜਧਾਨੀ ਦੀਆਂ 70 ਵਿਚੋਂ 67 ਵਿਧਾਨ ਸਭਾ ਸੀਟਾਂ 'ਚ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਬਾਕਿ ਬਚੀ 3 ਸੀਟਾਂ ਭਾਜਪਾ ਦੇ ਖਾਤੇ ਆਇਆ ਸਲ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ।