ਮੁੰਬਈ: ਅਦਾਕਾਰਾ ਅਤੇ ਉੱਤਰ ਮੁੰਬਈ ਤੋਂ ਕਾਂਗਰਸ ਉਮੀਦਵਾਰ ਉਰਮਿਲਾ ਮਤੋਂਡਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਆਧਾਰਤ ਫ਼ਿਲਮ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨ ਵਿੰਨ੍ਹੇ ਹਨ। ਉਰਮਿਲਾ ਨੇ ਇਸ ਫ਼ਿਲਮ ਨੂੰ ਇੱਕ ਮਜ਼ਾਕ ਦੱਸਿਆ ਹੈ।
ਉਰਮਿਲਾ ਮਤੋਂਡਕਰ ਨੇ ਕਿਹਾ, "ਨਰਿੰਦਰ ਮੋਦੀ 'ਤੇ ਬਣੀ ਫ਼ਿਲਮ ਹੋਰ ਕੁੱਝ ਨਹੀਂ ਬਲਕਿ ਪ੍ਰਧਾਨ ਮੰਤਰੀ 'ਤੇ ਇੱਕ ਮਜ਼ਾਕ ਹੈ ਕਿਉਂਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲਾ ਕੁੱਝ ਵੀ ਕਰਨ 'ਚ ਅਸਫ਼ਲ ਰਿਹਾ ਹੈ। ਉਨ੍ਹਾਂ ਦੀ ਜਿੰਦਗੀ 'ਤੇ ਬਣੀ ਫ਼ਿਲਮ ਲੋਕਤੰਤਰ, ਗ਼ਰੀਬੀ ਅਤੇ ਭਾਰਤ ਦੀ ਵਿਭਿੰਨਤਾ 'ਤੇ ਮਜ਼ਾਕ ਹੈ। ਉਨ੍ਹਾਂ ਦੇ ਅਧੂਰੇ ਵਾਅਦਿਆਂ 'ਤੇ ਕਾਮੇਡੀ ਫ਼ਿਲਮ ਬਣਨੀ ਚਾਹੀਦੀ ਸੀ।"
ਅਦਾਕਾਰਾ ਨੇ ਕਿਹਾ ਕਿ ਇਸ ਤੋਂ ਬੁਰਾ ਕੀ ਹੋ ਸਕਦਾ ਹੈ ਕਿ ਲੋਕਤੰਤਰ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜ ਸਾਲ 'ਚ ਇੱਕ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਮਹਾਰਾਸ਼ਟਰ ਨਵ ਨਿਰਮਾਣ ਸੇਨਾ (ਮਨਸੇ) ਮੁਖੀ ਰਾਜ ਠਾਕਰੇ ਦਾ ਸਮਰਥਨ ਕਰਦੀ ਹੈ ਅਤੇ ਇਸ ਵਿੱਚ ਕੁੱਝ ਗ਼ਲਤ ਨਹੀਂ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਇਸਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ।