ਨਵੀਂ ਦਿੱਲੀ: ਕਸ਼ਮੀਰ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚੀਨ ਵੱਲੋਂ ਮੰਗ ਕਰਨ 'ਤੇ ਸੰਯੁਕਤ ਰਾਸ਼ਟਰ ਸਰੁੱਖਿਆ ਪ੍ਰੀਸ਼ਦ (UNSC) ਵੱਲੋਂ ਸ਼ੁਕਰਵਾਰ ਨੂੰ 'ਬੰਦ ਕਮਰਾ' ਬੈਠਕ ਕੀਤੀ ਜਾਵੇਗੀ। ਨਿਊ ਯਾਰਕ ਦੇ ਸਥਾਨਕ ਸਮੇਂ ਮੁਤਾਬਕ ਇਹ ਬੈਠਕ ਸਵੇਰ ਦੇ 10 ਵਜੇ ਹੋਵੇਗੀ, ਜਦਕਿ ਭਾਰਤੀ ਸਮੇਂ ਮੁਤਾਬਕ ਇਹ ਬੈਠਕ ਸ਼ਾਮੀਂ 7.30 ਵਜੇ ਹੋਵੇਗੀ।
ਜਾਣਕਾਰੀ ਮੁਤਾਬਕ ਚੀਨ ਵੱਲੋਂ ਇੱਕ ਪੱਤਰ ਲਿਖ ਕੇ ਇਹ ਬੈਠਕ ਬੁਲਾਉਣ ਦੀ ਮੰਗ ਕੀਤੀ ਗਈ ਸੀ। ਇਹ ਬੈਠਕ ਬੰਦ ਕਮਰੇ 'ਚ ਹੋਵੇਗੀ ਤੇ ਇਸ ਦਾ ਪ੍ਰਸਾਰਣ ਨਹੀਂ ਕੀਤਾ ਜਾਵੇਗਾ। ਆਪਸੀ ਸਲਾਹ ਲਈ ਬੁਲਾਈ ਗਈ ਇਸ ਬੈਠਕ ਵਿੱਚ UNSC ਦੇ ਸਾਰੇ ਸਥਾਈ (5) ਤੇ ਅਸਥਾਈ (10) ਮੈਂਬਰ ਹਿੱਸਾ ਲੈਣਗੇ।
ਪਾਕਿਸਤਾਨ ਨੇ ਵੀ UNSC ਦੇ ਚੀਫ਼ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਵਧਦੇ ਤਣਾਅ ਨੂੰ ਰੋਕਣ ਲਈ ਛੇਤੀ ਬੈਠਕ ਕਰਨ ਦੀ ਮੰਗ ਕੀਤੀ ਸੀ। ਚੀਨ ਨੇ ਵੀ ਪਾਕਿਸਤਾਨ ਦਾ ਸਾਥ ਦਿੰਦਿਆਂ ਕਸ਼ਮੀਰ ਮਸਲੇ 'ਤੇ ਬੈਠਕ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿ ਵੱਲੋਂ ਭਾਰਤ ਨਾਲ ਸਾਰੇ ਵਪਾਰਕ ਰਿਸ਼ਤੇ ਵੀ ਖ਼ਤਮ ਕਰ ਦਿੱਤੇ ਗਏ ਹਨ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਦੇ ਮਸਲੇ 'ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਚੀਨ ਨੂੰ ਛੱਡ ਕੇ UNSC ਦੇ ਬਾਕੀ 4 ਸਥਾਈ ਮੈਂਬਰਾ ਵੱਲੋਂ ਕਸ਼ਮੀਰ 'ਤੇ ਲਏ ਫ਼ੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ।