ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿਚ ਰਾਜਨੀਤਿਕ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਕਿ ਮੁੰਬਈ ਪੁਲਿਸ ਅਸਮਰਥ ਨਹੀਂ ਹੈ। ਜੇ ਕਿਸੇ ਕੋਲ ਕੋਈ ਸਬੂਤ ਹੈ, ਉਹ ਇਹ ਸਾਡੇ ਕੋਲ ਲਿਆ ਸਕਦੇ ਹਨ ਅਤੇ ਅਸੀਂ ਦੋਸ਼ੀਆਂ ਤੋਂ ਪੁੱਛਗਿੱਛ ਕਰਾਂਗੇ ਅਤੇ ਉਨ੍ਹਾਂ ਨੂੰ ਸਜ਼ਾ ਦੇਵਾਂਗੇ।
ਇਸ ਮਾਮਲੇ 'ਤੇ ਉੱਧਵ ਠਾਕਰੇ ਨੇ ਕਿਹਾ ਕਿ ਮੁੰਬਈ ਪੁਲਿਸ ਅਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰਕੇ ਇਸ ਮਾਮਲੇ ਨੂੰ ਮਹਾਰਾਸ਼ਟਰ ਅਤੇ ਬਿਹਾਰ ਵਿਚਾਲੇ ਟਕਰਾਅ ਪੈਦਾ ਕਰਨ ਦੇ ਬਹਾਨੇ ਵਜੋਂ ਨਾ ਵਰਤੋ।
ਸੁਸ਼ਾਂਤ ਦੇ ਪਿਤਾ ਨੇ ਬਿਹਾਰ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ, ਰੀਆ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਕਰਕੇ ਇਸ ਮਾਮਲੇ ਨੂੰ ਮੁੰਬਈ ਤਬਦੀਲ ਕਰਨ ਦੀ ਅਪੀਲ ਕੀਤੀ ਸੀ।
ਇਸ ਤੋਂ ਪਹਿਲਾਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਨਾਲ ਜੁੜੇ ਇੱਕ ਕੇਸ ਵਿੱਚ 15 ਕਰੋੜ ਰੁਪਏ ਦੇ ਲੈਣ-ਦੇਣ ਉੱਤੇ ਮਨੀ ਲਾਂਡਰਿੰਗ ਦਾ ਮਾਮਲੇ ਦਰਜ ਕੀਤਾ ਹੈ। ਇਹ ਕਦਮ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ ਸਿੰਘ ਵੱਲੋਂ ਅਦਾਕਾਰਾ ਰੀਆ ਚੱਕਰਵਰਤੀ ਖਿਲਾਫ਼ ਬਿਹਾਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਚੁੱਕਿਆ ਗਿਆ ਹੈ।
ਈਡੀ ਨੇ ਵੀਰਵਾਰ ਨੂੰ ਬਿਹਾਰ ਪੁਲਿਸ ਦੁਆਰਾ ਰੀਆ ਖ਼ਿਲਾਫ਼ ਦਰਜ ਕਰਵਾਈ ਗਈ ਐਫਆਈਆਰ ਦੀ ਕਾਪੀ ਅਤੇ ਬੈਂਕਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਦੇ ਪਰਿਵਾਰ ਦੀ ਮਲਕੀਅਤ ਵਾਲੀਆਂ ਦੋ ਕੰਪਨੀਆਂ ਦੇ ਵੇਰਵੇ ਮੰਗੇ।