ਗੁਵਾਹਾਟੀ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਆਇਲ ਇੰਡੀਆ ਲਿਮਿਟੇਡ ਦੇ ਕੁਦਰਤੀ ਗੈਸ ਦੇ ਖੂਹ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਇੱਥੇ ਫਾਇਰਫਾਈਟਰਸ ਬਚਾਅ ਲਈ ਪਹੁੰਚੇ ਸਨ। ਬੁੱਧਵਾਰ ਨੂੰ 2 ਫਾਇਰਫਾਈਟਰ ਮ੍ਰਿਤਕ ਮਿਲੇ।
ਦਰਅਸਲ, ਤੇਲ ਦੇ ਇਸ ਖੂਹ ਵਿੱਚ ਪਿਛਲੇ 14 ਦਿਨਾਂ ਤੋਂ ਗੈਸ ਲੀਕ ਹੋ ਰਹੀ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਉੱਥੇ ਅੱਗ ਲੱਗ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ 1.5 ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਪਰ ਖੂਹ ਵਿੱਚੋਂ ਲਗਾਤਾਰ ਗੈਸ ਨਿਕਲ ਰਹੀ ਹੈ ਅਜਿਹੀ ਸਥਿਤੀ ਵਿੱਚ ਅੱਗ ਪੂਰੀ ਤਰ੍ਹਾਂ ਨਹੀਂ ਬੁੱਝ ਰਹੀ।
ਅਸਾਮ ਸਰਕਾਰ ਵੱਲੋਂ ਮਦਦ ਮੰਗਣ ਤੋਂ ਬਾਅਦ ਭਾਰਤੀ ਏਅਰਫੋਰਸ ਅਤੇ ਆਰਮੀ ਫਾਇਰਫਾਈਟਿੰਗ ਆਪ੍ਰੇਸ਼ਨ ਵਿੱਚ ਮਦਦ ਕਰ ਰਹੇ ਹਨ ਪੈਰਾਮਿਲਟਰੀ ਫੋਰਸ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਆਇਲ ਇੰਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਕਲੀਅਰਿੰਗ ਆਪ੍ਰੇਸ਼ਨ ਦੌਰਾਨ ਖੂਹ ਵਿੱਚ ਅੱਗ ਲੱਗੀ ਸੀ।
ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਆਇਲ ਇੰਡੀਆ ਅਤੇ ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ONGC) ਦੀ ਟੀਮ ਨੂੰ ਉੱਥੋਂ ਕੱਢ ਲਿਆ ਗਿਆ ਹੈ। ਖੂਹ ਵਿੱਚ ਗੈਸ ਰਿਸਾਵ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਸਿੰਗਾਪੁਰ ਤੋਂ ਮਾਹਰਾਂ ਦੀ ਟੀਮ ਬੁਲਾਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗੈਸ ਲੀਕ ਹੋਣ ਉੱਤੇ ਕਾਬੂ ਪਾਉਣ ਵਿੱਚ ਘੱਟੋ-ਘੱਟ 4 ਹਫ਼ਤੇ ਲੱਗਣਗੇ।