ਨਵੀਂ ਦਿੱਲੀ: ਅਮਰੀਕਾ ਵਿੱਚ ਇੱਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਕਾਲੇ ਅਮਰੀਕੀ ਜਾਰਜ ਫਲਾਇਡ ਨੂੰ ਮਾਰੇ ਜਾਣ ਤੋਂ ਬਾਅਦ ਸੰਯੁਕਤ ਰਾਜ ਅਤੇ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ।
ਦੱਸ ਦਈਏ ਕਿ ਫਲਾਇਡ ਨੂੰ 25 ਮਈ ਨੂੰ ਮਿਨੀਆਪੋਲਿਸ ਦੀ ਦੁਕਾਨ ਦੇ ਬਾਹਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੇ ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਨਾਲ ਲਗਭਗ 9 ਮਿੰਟ ਲਈ ਦੱਬੀ ਰੱਖਿਆ। ਇਸ ਸਮੇਂ ਫਲਾਇਡ ਕਹਿੰਦਾ ਵੀ ਰਿਹਾ ਕਿ 'ਮੈਂ ਸਾਹ ਨਹੀਂ ਲੈ ਸਕਦਾ' ਪਰ ਫਿਰ ਵੀ ਅਧਿਕਾਰੀ ਨੇ ਉਸ ਨੂੰ ਨਹੀਂ ਛੱਡਿਆ। ਹਸਪਤਾਲ ਲੈ ਕੇ ਜਾਣ 'ਤੇ ਡਾਕਟਰਾਂ ਨੇ ਫਲਾਇਡ ਨੂੰ ਮ੍ਰਿਤਕ ਦੱਸਿਆ।
ਫਲਾਇਡ ਦੀ ਮੌਤ ਤੋਂ ਬਾਅਦ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੀ ਅਮਰੀਕਾ ਵਿੱਚ ਕਾਲੇ ਭਾਈਚਾਰੇ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਜ਼ੋਰਦਾਰ ਪ੍ਰਦਰਸ਼ਨਾਂ ਅਤੇ ਰੈਲੀਆਂ ਕਰ ਹੰਗਾਮਾ ਕੀਤਾ ਗਿਆ।
ਵਾਸ਼ਿੰਗਟਨ ਡੀਸੀ ਦੀ ਸੀਨੀਅਰ ਪੱਤਰਕਾਰ ਅਤੇ ਕਾਲਮ ਲੇਖਕ ਸੀਮਾ ਸਿਰੋਹੀ ਨੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸਿਰੋਹੀ ਲਗਭਗ 2 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਸ ਵਾਰ ਅਮਰੀਕਾ ਵਿੱਚ ਵਿਰੋਧ ਵੱਖਰਾ ਅਤੇ ਮਹੱਤਵਪੂਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਮਿਆਂ ਵਿੱਚ ਕਾਲੇ ਲੋਕਾਂ ਦੀ ਮੌਤ ਦੇ ਮਾਮਲਿਆਂ ਵਿੱਚ ਪੁਲਿਸ ਦੀ ਬੇਰਹਿਮੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ, ਪਰ ਉਨ੍ਹਾਂ ਕੋਲ ਸਪਸ਼ਟ ਸਬੂਤ ਨਹੀਂ ਹੁੰਦੇ ਸਨ।
ਇਹ ਵੀ ਪੜ੍ਹੋ: ਅਮਰੀਕਾ: ਪ੍ਰਦਰਸ਼ਕਾਰੀਆਂ ਨੇ ਕੋਲੰਬਸ ਦੇ ਪੁਤਲੇ ਨੂੰ ਉਖਾੜ ਕੇ ਨਦੀ 'ਚ ਸੁੱਟਿਆ
ਸੀਮਾ ਸਿਰੋਹੀ ਨੇ ਕਿਹਾ ਕਿ ਇਹ ਲਹਿਰ ਮਹਾਂਮਾਰੀ ਦੇ ਵਿਚਕਾਰ ਹੋਈ ਹੈ। ਦੇਸ਼ ਵਿੱਚ ਵਧੇਰੇ ਬੇਰੁਜ਼ਗਾਰੀ ਕਾਰਨ 40 ਮਿਲੀਅਨ ਅਮਰੀਕੀ ਬੇਰੁਜ਼ਗਾਰ ਹਨ। ਇਸ ਕਰਕੇ ਲੋਕ ਸੋਚਣ ਲਈ ਮਜਬੂਰ ਹਨ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਆਦਮੀ ਨਾਲ ਕੀ ਹੋਇਆ ਸੀ।
ਸੀਮਾ ਸਿਰੋਹੀ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਾਲੇ ਵੀ ਸਥਿਤੀ ਨੂੰ ਬਦਲ ਸਕਦੇ ਹਨ। ਅਜਿਹਾ ਕਰਨ ਲਈ ਟਰੰਪ ਨੇ ਲਾਅ ਐਂਡ ਆਰਡਰ ਕਾਰਡ ਦੀ ਵਰਤੋਂ ਕਰਦਿਆਂ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਨੋਟਬੁੱਕ ਤੋਂ ਇੱਕ ਪੱਤਾ ਚੁੱਕਿਆ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੋਨਾਲਡ ਟਰੰਪ ਨੇ ਇਸ ਸਾਰੀ ਸਥਿਤੀ ਨੂੰ ਸੰਭਾਲਿਆ ਹੈ, ਉਹ ਸ਼ਾਇਦ ਟਰੰਪ ਨੂੰ ਇੱਕ ਫਾਇਦਾ ਦੇ ਸਕਦਾ ਹੈ, ਕਿਉਂਕਿ ਹੁਣ ਉਹ ਆਪਣੇ ਆਪ ਨੂੰ ਲਾਅ ਐਂਡ ਆਰਡਰ ਦੇ ਰਾਸ਼ਟਰਪਤੀ ਵਜੋਂ ਪੇਸ਼ ਕਰ ਰਹੇ ਹਨ। ਰਿਚਰਡ ਨਿਕਸਨ ਨੇ ਇਹ 1967 ਵਿੱਚ ਕੀਤਾ ਸੀ।