ਨਵੀਂ ਦਿੱਲੀ: ਦਿੱਲੀ ਐਨਸੀਆਰ ਵਿੱਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.2 ਰਿਕਟਰ ਸਕੇਲ 'ਤੇ ਮਾਪੀ ਗਈ। ਇਹ ਝਟਕੇ ਰਾਤ ਦੇ ਕਰੀਬ 10:42 ਵਜੇ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਦੱਖਣੀ ਪੂਰਬੀ ਨੋਇਡਾ ਵਿੱਚ ਸੀ।
ਜਾਨੀ ਨੁਕਸਾਨ ਤੋਂ ਬਚਾਅ
ਭੂਚਾਲ ਦੇ ਇਨ੍ਹਾਂ ਹਲਕੇ ਝਟਕਿਆਂ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਭੂਚਾਲ ਦੇ ਝਟਕੇ ਪੂਰੇ ਐਨਸੀਐਆਰ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਆਉਣ 'ਤੇ ਕੁੱਝ ਰਿਹਾਇਸ਼ੀ ਇਲਾਕਿਆਂ ਵਿੱਚ ਹਫੜਾ-ਦਫੜੀ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲ ਆਏ।
ਡੇਢ ਮਹੀਨੇ 'ਚ 11 ਵਾਰ ਆਇਆ ਭੂਚਾਲ
ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਦੌਰਾਨ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ 11 ਵਾਰ ਭੂਚਾਲ ਆ ਚੁੱਕਾ ਹੈ। ਇਸ ਵਿੱਚੋਂ ਜ਼ਿਆਦਾਤਰ ਭੂਚਾਲ ਘੱਟ ਤੀਬਰਤਾ ਵਾਲੇ ਸਨ, ਇਸ ਲਈ ਇਨ੍ਹਾਂ ਦੇ ਝਟਕੇ ਮਹਿਸੂਸ ਨਹੀਂ ਕੀਤੇ ਗਏ।