ਲੰਡਨ: ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ, ਤੇ ਇਸ ਦੇ ਕਾਰਨ ਇੱਕ ਲੱਖ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ ਅਤੇ 16 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ। ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵੱਲੋਂ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਇੱਕ ਨਹੀਂ 3 ਤਰ੍ਹਾਂ ਦਾ ਹੈ। ਉਨ੍ਹਾਂ ਮੁਤਾਬਕ ਕੋਰੋਨਾ ਟਾਈਪ 'ਏ', ਟਾਈਪ 'ਬੀ' ਅਤੇ ਟਾਈਪ 'ਸੀ' ਭਾਗਾ ਵਿੱਚ ਹੈ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿੱਚ ਕੋਰੋਨਾ ਦੀ ਉਹ ਹੀ ਟਾਈਪ ਫੈਲੀ ਹੋਈ ਹੈ ਜੋ ਕਿ ਚੀਨ ਵਿੱਚ ਫੈਲੀ ਸੀ।
ਕੋਰੋਨਾ ਦੀਆਂ ਤਿੰਨ ਕਿਸਮਾਂ
ਕੈਂਬਰਿਜ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਦਸੰਬਰ ਤੋਂ ਮਾਰਚ ਤੱਕ ਦੇ ਕੋਰੋਨਾ ਸਬੰਧੀ ਡਾਟਾ ਦੇ ਆਧਾਰ 'ਤੇ ਦੱਸਿਆ ਕਿ ਇਹ ਵਾਇਰਸ ਪਹਿਲਾਂ ਚਮਗਾਦੜ ਤੋਂ ਪੈਂਗੇਲਿਨ ਵਰਗੇ ਕਿਸੇ ਜਾਨਵਰ ਵਿੱਚ ਫੈਲਿਆਂ, ਇਸ ਦੇ ਬਾਅਦ ਮੀਟ ਮਾਰਕਿਟ ਵਿੱਚ ਆਇਆ ਤੇ ਚੀਨ ਦੇ ਵੁਹਾਨ ਵਿੱਚ ਪੁੱਜ ਕੇ ਇਨਸਾਨਾਂ ਨੂੰ ਇਸ ਨੇ ਆਪਣੀ ਲਪੇਟ ਵਿੱਚ ਲਿਆ। ਇਹ ਕੋਰੋਨਾ ਦੀ ਟਾਈਪ 'ਏ' ਸੀ। ਹੌਲੀ-ਹੌਲੀ ਕ੍ਰਿਸਮਸ ਦੇ ਨੇੜਲੇ ਸਮੇਂ ਦੌਰਾਨ ਕੋਰੋਨਾ ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਪੁੱਜਾ। ਅਮਰੀਕਾ ਵਿੱਚ ਸਭ ਤੋਂ ਵੱਧ ਮਰੀਜ਼ ਕੋਰੋਨਾ ਦੀ ਟਾਈਪ 'ਏ' ਨਾਲ ਪੀੜਤ ਹਨ। ਇੱਥੇ ਲਗਭਗ 5 ਲੱਖ ਲੋਕ ਕੋਰੋਨਾ ਦੀ ਲਪੇਟ ਵਿੱਚ ਹਨ ਅਤੇ 18 ਹਜ਼ਾਰਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਦੀ ਹੀ ਇੱਕ ਟਾਈਪ 'ਬੀ' ਹੈ, ਜੋ ਚੀਨ ਵਿੱਚ ਤਬਾਹੀ ਮਚਾ ਕੇ ਯੂਰਪ, ਦੱਖਣੀ ਅਮਰੀਕਾ ਅਤੇ ਕੈਨੇਡਾ ਪੁੱਜੀ। ਡਾਕਟਰ ਪੀਟਰ ਫੋਰਸਟਰ ਅਤੇ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਯੂ.ਕੇ. ਵਿੱਚ ਵਧੇਰੇ ਲੋਕ ਟਾਈਪ 'ਬੀ' ਨਾਲ ਪ੍ਰਭਾਵਤ ਹਨ। ਸਵਿਟਜ਼ਰਲੈਂਡ, ਜਰਮਨੀ, ਫਰਾਂਸ, ਬੈਲਜੀਅਮ ਅਤੇ ਨੀਦਰਲੈਂਡ ਵਿੱਚ ਵਧੇਰੇ ਲੋਕ ਕੋਰੋਨਾ ਦੀ ਟਾਈਪ 'ਬੀ' ਨਾਲ ਹੀ ਪੀੜਤ ਹਨ। ਟਾਈਪ 'ਸੀ' ਸਿੰਗਾਪੁਰ, ਇਟਲੀ ਅਤੇ ਹਾਂਗਕਾਂਗ ਵਿੱਚ ਪੁੱਜੀ। ਇਟਲੀ ਵਿੱਚ ਇਸ ਨੇ ਸਭ ਤੋਂ ਵੱਧ ਤਬਾਹੀ ਮਚਾਈ ਤੇ ਲਾਸ਼ਾਂ ਦੇ ਢੇਰ ਲਗਾ ਦਿੱਤੇ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਟਰੈਵਲ ਬੈਨ ਤੋਂ ਪਹਿਲਾਂ 7,59,493 ਲੋਕ ਚੀਨ ਤੋਂ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਸਨ। ਅਮਰੀਕਾ ਦੇ ਟਰੈਵਲ ਡਾਟਾ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਜਨਵਰੀ ਨੂੰ ਯਾਤਰਾ 'ਤੇ ਬੈਨ ਲਗਾਇਆ ਸੀ ਪਰ ਤਦ ਤਕ ਲੱਖਾਂ ਲੋਕ ਅਮਰੀਕਾ ਪੁੱਜ ਚੁੱਕੇ ਸਨ, ਜਿਨ੍ਹਾਂ ਵਿਚੋਂ ਕਈ ਕੋਰੋਨਾ ਪੌਜ਼ੀਟਿਵ ਸਨ। ਜੇਕਰ ਅਮਰੀਕਾ ਇਹ ਕਦਮ ਪਹਿਲਾਂ ਚੁੱਕ ਲੈਂਦਾ ਤਾਂ ਸ਼ਾਇਦ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਇੰਨੀ ਜ਼ਿਆਦਾ ਨਾ ਹੁੰਦੀ।