ਆਗਰਾ: ਆਗਰਾ ਦੇ ਟੂਰਿਜ਼ਮ ਉਦਯੋਗ ਨਾਲ ਜੁੜੇ ਲੋਕਾਂ ਨੇ 6 ਜੁਲਾਈ ਤੋਂ ਆਗਰਾ ਦੇ ਤਾਜ ਮਹਿਲ ਅਤੇ ਹੋਰ ਏਐਸਆਈ ਸੁਰੱਖਿਅਤ ਸਮਾਰਕਾਂ ਨੂੰ ਮੁੜ ਤੋਂ ਖੋਲ੍ਹੇ ਜਾਣ 'ਤੇ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਜਿੱਥੇ ਟੂਰਿਜ਼ਮ ਉਦਯੋਗਪਤੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਕੁਝ ਲੋਕਾਂ ਨੇ ਇਸ ਫ਼ੈਸਲੇ ਉੱਤੇ ਚਿੰਤਾ ਜਤਾਈ ਹੈ ਤੇ ਕੁਝ ਸਿਹਤ ਕਰਮਚਾਰੀਆਂ ਨੇ ਹੈਰਾਨੀ ਵੀ ਜਤਾਈ ਹੈ ਕਿ ਇਹ ਫ਼ੈਸਲਾ ਥੋੜ੍ਹਾ ਜਲਦੀ ਲੈ ਲਿਆ ਗਿਆ ਹੈ। ਕਿਉਂਕਿ ਕੋਵਿਡ-19 ਦੇ ਪ੍ਰਭਾਵ ਨੂੰ ਹਾਲੇ ਤੱਕ ਰੋਕਿਆ ਨਹੀਂ ਜਾ ਸਕਿਆ ਹੈ।
ਕੇਂਦਰੀ ਸੱਭਿਆਚਾਰ ਮੰਤਰੀ ਪ੍ਰਲਾਦ ਸਿੰਘ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਲਿਖਿਆ, "ਏਐਸਆਈ ਸਮਾਰਕਾਂ ਨੂੰ ਜ਼ਰੂਰੀ ਸਾਵਧਾਨੀਆਂ ਤੇ ਪੂਰਨ ਤੌਰ ਉੱਤੇ ਸੁਰੱਖਿਆ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ।"
ਸਮਾਜ ਸੇਵੀ ਸ਼ਰਵਣ ਕੁਮਾਰ ਸਿੰਘ ਨੇ ਸਵਾਲਿਆ ਲਹਿਜ਼ੇ ਨਾਲ ਕਿਹਾ, "ਜਦ ਟ੍ਰੇਨਾਂ ਨਹੀਂ ਚੱਲ ਰਹੀਆਂ ਹਨ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਨਹੀਂ ਹੋਈਆਂ ਹਨ, ਤਾਂ ਟੂਰਿਸਟ ਆਗਰਾ ਕਿੱਥੋਂ ਤੇ ਕਿਵੇਂ ਆਉਣਗੇ।"
ਹਾਲਾਂਕਿ, ਏਐਸਆਈ ਅਧਿਕਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਐਸਓਪੀ ਵਿੱਚ ਸੂਚੀਬੱਧ ਪਾਬੰਦੀਆਂ ਦੇ ਨਾਲ ਪ੍ਰਵੇਸ਼ ਕਰਨ ਦੀ ਅਨੁਮਤੀ ਦਿੱਤੀ ਜਾਵੇਗੀ, ਜਿਸ ਦੀ ਟੂਰਿਸਟਸ ਨੂੰ ਸਖ਼ਤੀ ਨਾਲ ਪਾਲਣਾ ਕਰਨਾ ਜ਼ਰੂਰੀ ਹੈ।
ਟੂਰਿਸਟ ਉਦਯੋਗ ਨਾਲ ਜੁੜੇ ਅਖਿਲੇਸ਼ ਦੁਬੇ ਨੇ ਕਿਹਾ, "ਇਹ ਜੋਖ਼ਮ ਭਰਿਆ ਨਹੀਂ ਹੋਵੇਗਾ, ਜੇ ਉਹ ਐਸਓਪੀ ਨੂੰ ਫਰੇਮ ਕਰ ਦੇਣ, ਟੂਰਿਸਟ ਦੀ ਗਿਣਤੀ ਨੂੰ ਤੈਅ ਕਰ ਦੇਣ। ਜੇ ਹਵਾਈ ਅੱਡੇ, ਮਾਲ, ਹੋਟਲਾ ਮੁੜ ਤੋਂ ਖੁੱਲ੍ਹ ਸਕਦੇ ਹਨ ਤਾਂ ਸਮਾਰਕਾਂ ਕਿਉਂ ਨਹੀਂ। ਆਗਰਾ ਘਰੇਲੂ ਟੂਰਿਸਟਾਂ ਲਈ ਇੱਕ ਪਸੰਦੀਦਾ ਵੀਕੈਂਡ ਡੈਸੀਟਨੇਸ਼ਨ ਬਣਿਆ ਹੋਇਆ ਹੈ। ਲੋਕ ਟੈਕਸੀਆਂ ਤੇ ਨਿੱਜੀ ਕਾਰਾਂ ਨਾਲ ਆਗਰਾ ਆਉਂਦੇ ਹਨ। ਇਨ੍ਹਾਂ ਨੂੰ ਮੁੜ ਤੋਂ ਖੋਲ੍ਹਣ ਨਾਲ ਲੋਕਾਂ 'ਚ ਵਿਸ਼ਵਾਸ ਪੈਦਾ ਹੋਵੇਗਾ ਅਤੇ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ।"
ਸਲਾਨਾ 70 ਲੱਖ ਤੋਂ ਵੀ ਜ਼ਿਆਦਾ ਟੂਰਿਸਟ ਤਾਜ ਮਹਿਲ ਦੇ ਦੀਦਾਰ ਕਰਦੇ ਹਨ। 15 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਕੋਈ ਫ਼ੀਸ ਨਹੀਂ ਹੈ।