ਨਵੀਂ ਦਿੱਲੀ: ਖੇਤੀ ਬਿੱਲ ਨੂੰ ਲੈ ਕੇ ਰਾਜ ਸਭਾ ਵਿੱਚ ਹੰਗਾਮਾ ਕਰਨ ਵਾਲੇ ਅੱਠ ਵਿਰੋਧੀ ਸੰਸਦ ਮੈਂਬਰਾਂ ਨੂੰ ਐਤਵਾਰ ਨੂੰ ਬਹਿਸ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਸੋਮਵਾਰ ਨੂੰ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਗਾਂਧੀ ਦੇ ਬੁੱਤ ਨੇੜੇ ਪੂਰੀ ਰਾਤ ਪ੍ਰਦਰਸ਼ਨ ਕੀਤਾ।
ਰਾਜ ਸਭਾ ਦੇ ਡਿਪਟੀ ਸਪੀਕਰ ਹਰਿਵੰਸ਼ ਮੰਗਲਵਾਰ ਸਵੇਰੇ ਵਿਰੋਧ ਕਰ ਰਹੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪਹੁੰਚੇ ਤੇ ਸੰਸਦ ਮੈਂਬਰਾਂ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡਿਪਟੀ ਸਪੀਕਰ ਨੇ 24 ਘੰਟਿਆਂ ਲਈ ਵਰਤ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ 'ਤੇ ਦੁਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਗਲੇ 24 ਘੰਟਿਆਂ ਲਈ ਵਰਤ 'ਤੇ ਰਹਿਣਗੇ। ਵਰਤ ਅੱਜ ਸਵੇਰ ਤੋਂ ਸ਼ੁਰੂ ਹੋਵੇਗਾ ਅਤੇ ਕੱਲ੍ਹ ਸਵੇਰ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਉਹ ਸੰਸਦ ਦਾ ਕੰਮ ਜਾਰੀ ਰੱਖਣਗੇ।
ਇਸ ਤੋਂ ਬਾਅਦ ਵੈਂਕਈਆ ਨਾਇਡੂ ਨੇ ਕਿਹਾ ਕਿ ਰਾਜ ਸਭਾ ਵਿਚ ਪਿਛਲੇ ਦਿਨੀਂ ਸੰਸਦ ਦੀ ਮਰਿਆਦਾ ਨੂੰ ਨੁਕਸਾਨ ਪਹੁੰਚਿਆ ਹੈ। ਇਸ ਸਭ ਦੇ ਬਾਵਜੂਦ ਅੱਜ ਹਰਿਵੰਸ਼ ਜੀ ਖ਼ੁਦ ਸੰਸਦ ਕੰਪਲੈਕਸ ਵਿੱਚ ਧਰਨੇ 'ਤੇ ਬੈਠੇ ਸੰਸਦ ਮੈਂਬਰਾਂ ਲਈ ਸਵੇਰ ਦੀ ਚਾਹ ਲੈ ਕੇ ਗਏ। ਉਨ੍ਹਾਂ ਦੀ ਇਹ ਪਹਿਲ ਲੋਕਤੰਤਰ ਲਈ ਇਕ ਚੰਗਾ ਸੰਕੇਤ ਹੈ।