ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ ਗਣਰਾਜ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀ ਦੋ ਦਿਨਾਂ ਬੈਠਕ 'ਚ ਸ਼ਾਮਲ ਹੋਣ ਲਈ ਗਈ ਹੋਈ ਹੈ। ਸੁਸ਼ਮਾ ਸਵਰਾਜ ਅਤੇ ਕਿਰਗਿਸਤਾਨ ਦੇ ਉਨ੍ਹਾਂ ਦੇ ਹਮਰੁਤਬਾ ਚਿੰਗਿਜ਼ ਏਦਾਰਬੇਕੋਵ ਵਿਚਕਾਰ ਮੰਗਲਵਾਰ ਨੂੰ ਮੁਲਾਕਾਤ ਹੋਈ।
ਦੋਵਾਂ ਨੇਤਾਵਾਂ ਵਿਚਕਾਰ ਅੱਤਵਾਦ ਤੋਂ ਖ਼ਤਰੇ ਸਣੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਹੋਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਵਾਂ ਦੇਸ਼ਾਂ ਦੇ ਰਾਜਨੀਤਿਕ ਅਤੇ ਰੱਖਿਆ, ਵਪਾਰ ਅਤੇ ਨਿਵੇਸ਼, ਸਿਹਤ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨਾਲ ਸਬੰਧਾਂ ਆਦਿ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਸੰਮੇਲਨ 'ਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਇੰਟਰਨੈਸ਼ਨਲ ਨੌਰਥ-ਸਾਊਥ ਟ੍ਰਾਂਸਪੋਰਟ ਕਾਰੀਡੋਰ, ਚਾਬਹਾਰ ਪੋਰਟ, ਅਸ਼ਗਾਬਾਤ ਸਮਝੌਤਾ ਅਤੇ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ ਪੱਖੀ ਰਸਤੇ 'ਚ ਸਾਡੀ ਭਾਈਵਾਲੀ ਨਾਲ ਖੇਤਰੀ ਕਨੈਕਟੀਵਿਟੀ ਲਈ ਭਾਰਤ ਦੀ ਪ੍ਰਤੀਬੱਧਤਾ ਸਪਸ਼ਟ ਨਹੀਂ ਹੈ।
ਸੁਸ਼ਮਾ ਸਵਰਾਜ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿਹਾ ਕਿ ਪੁਲਵਾਮਾ ਹਮਲੇ ਦੇ ਜ਼ਖ਼ਮ ਅਜੇ ਭਰੇ ਨਹੀਂ ਸਨ ਅਤੇ ਗਵਾਂਢੀ ਦੇਸ਼ਾਂ ਤੋਂ ਮਿਲ ਰਹੀਆਂ ਖ਼ਬਰਾਂ ਨੇ ਸਾਨੂੰ ਅੱਤਵਾਦ ਵਿਰੁੱਧ ਲੜਨ ਲਈ ਹੋਰ ਮਜ਼ਬੂਤ ਕਰ ਦਿੱਤਾ ਹੈ।