ਨਵੀਂ ਦਿੱਲੀ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੰਨੀ ਦਿਨੀਂ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਹਨ। ਦਿੱਲੀ ਵਿੱਚ ਹਰੀ ਨਗਰ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਲਈ ਚੋਣ ਪ੍ਰਚਾਰ ਕਰਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਦਿੱਲੀ ਵਿੱਚ ਪੰਜਾਬੀ ਵੋਟਰਾਂ ਵੱਲੋਂ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਾਂਗਰਸੀ ਉਮੀਦਵਾਰ ਆਪਣੀ ਜਿੱਤ ਦਰਜ ਕਰਨਗੇ।
ਪੰਜਾਬ ਵਿੱਚ ਲਗਾਤਾਰ ਜੇਲ੍ਹ ਤੋੜ ਕੇ ਕੈਦੀਆਂ ਵੱਲੋਂ ਫਰਾਰ ਹੋਣ ਦੀਆਂ ਘਟਨਾਵਾਂ 'ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਇਸ 'ਤੇ ਕੰਮ ਕਰ ਰਹੇ ਹਨ ਅਤੇ ਇਸ ਨੂੰ ਠੱਲ੍ਹ ਪਾਉਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਉਨ੍ਹਾਂ 'ਤੇ ਕੀਤੇ ਜਾਂਦੇ ਜ਼ੁਬਾਨੀ ਹਮਲਿਆਂ 'ਤੇ ਬੋਲਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜ ਸਾਲ ਗ੍ਰਹਿ ਮੰਤਰੀ ਰਹੇ ਅਤੇ ਉਨ੍ਹਾਂ ਦੇ ਵੇਲੇ ਕਪੂਰਥਲਾ ਅਤੇ ਬਠਿੰਡਾ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ । ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਹਿਲਾਂ ਵੀ ਸ਼ਬਦੀ ਹਮਲੇ ਕਰਦੇ ਆਏ ਹਨ ਪਰ ਉਹ ਸੁਖਬੀਰ ਸਿੰਘ ਬਾਦਲ ਨੂੰ ਸੀਰੀਅਸ ਨਹੀਂ ਲੈਂਦੇ।
ਈਟੀਵੀ ਭਾਰਤ ਨੇ ਜੇਲ੍ਹ ਮੰਤਰੀ ਨੂੰ ਜਦੋਂ ਜੇਲ੍ਹਾਂ ਵਿੱਚੋਂ ਲਗਾਤਾਰ ਗੈਂਗਸਟਰਾਂ ਦੀਆਂ ਧਮਕੀਆਂ ਅਤੇ ਮੋਬਾਇਲ ਫੋਨ ਮਿਲਣ ਦੀ ਗੱਲ ਕੀਤੀ ਤਾਂ ਜੇਲ੍ਹ ਮੰਤਰੀ ਨੇ ਆਪਣਾ ਫੋਨ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ ਅਧਿਕਾਰੀ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਵਚਨਬੱਧ ਹਨ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੇਲ੍ਹਾਂ ਲਈ ਫੰਡ ਦੀ ਕਮੀ ਦੀ ਗੱਲ ਵੀ ਕਬੂਲੀ ਅਤੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਹੋਰ ਕਰਮਚਾਰੀਆਂ ਦੀ ਭਰਤੀ ਅਤੇ ਫੰਡ ਮੁਹੱਈਆ ਕਰਾਉਣ ਦੀ ਗੱਲ ਕੀਤੀ ਗਈ ਹੈ।