ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਜ਼ੁਰਮ ਘੱਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸ਼ਰੇਆਮ ਗੁੰਡੇ ਗੋਲੀਆਂ ਚਲਾ ਰਹੇ ਹਨ। ਇਥੋਂ ਤੱਕ ਕਿ ਉਹ ਪੁਲਿਸ ਵਾਲਿਆਂ ਨੂੰ ਵੀ ਨਹੀਂ ਛੱਡ ਰਹੇ।
ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਰਾਜਕੁਮਾਰ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਘਰ ਵਿੱਚ ਲੁੱਕਿਆ ਸੀ ਪਰ ਗੁੰਡਿਆਂ ਨੇ ਉਥੇ ਵੜ੍ਹ ਕੇ ਵੀ ਉਸ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਕਾਨ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ।
ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਸਬ-ਇੰਸਪੈਕਟਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਜਾਇਜ਼ ਸ਼ਰਾਬ ਅਤੇ ਸੱਟੇ ਦਾ ਕਰਦਾ ਸੀ ਵਿਰੋਧ
ਪੀੜਤ ਪਰਿਵਾਰ ਨੇ ਦੱਸਿਆ ਕਿ ਰਾਜਕੁਮਾਰ ਇਲਾਕੇ ਵਿੱਚ ਵਿੱਕ ਰਹੀ ਨਜਾਇਜ਼ ਸ਼ਰਾਬ ਅਤੇ ਸੱਟੇ ਦਾ ਵਿਰੋਧ ਕਰਦਾ ਸੀ ਜਿਸ ਕਾਰਨ ਇਲਾਕੇ ਦੇ ਗੁੰਡੇ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ।
ਉਨ੍ਹਾਂ ਦੇ ਘਰ ਦੇ ਕੋਲ ਦਿੱਲੀ ਪੁਲਿਸ ਨੇ ਇੱਕ ਬੂਥ ਵੀ ਬਣਾਇਆ ਸੀ ਜਿਸ ਕਾਰਨ ਇਲਾਕੇ ਦੇ ਗੁੰਡਿਆਂ ਨੂੰ ਪਰੇਸ਼ਾਨੀ ਹੋ ਰਹੀ ਸੀ। ਗੁੰਡਿਆਂ ਨੂੰ ਲੱਗਦਾ ਸੀ ਕਿ ਪੁਲਿਸ ਚੌਂਕੀ ਰਾਜਕੁਮਾਰ ਦੀ ਵਜ੍ਹਾ ਨਾਲ ਬਣਾਈ ਗਈ ਹੈ।
ਪਰਿਵਾਰ ਵਾਲਿਆਂ ਦੇ ਦੋਸ਼ ਹਨ ਕਿ ਰਾਜਕੁਮਾਰ ਦਾ ਸ਼ਰੇਆਮ ਕਤਲ ਹੋ ਗਿਆ ਪਰ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ।
ਫ਼ਿਲਹਾਲ ਪੁਲਿਸ ਕਤਲ ਨਾਲ ਸਬੰਧਤ ਇੱਕ ਗੁੰਡੇ ਨੂੰ ਗ੍ਰਿਫ਼ਤ 'ਚ ਲੈ ਕੇ ਬਾਕੀ ਦੇ ਫ਼ਰਾਰ ਦੋਸ਼ੀਆਂ ਨੂੰ ਤਲਾਸ਼ ਰਹੀ ਹੈ।
ਦੱਸ ਦਈਏ ਕਿ ਰਾਜਕੁਮਾਰ ਪੀਐੱਮ ਸਕਿਉਰਟੀ ਦੇ ਕਮਿਉਨੀਕੇਸ਼ਨ ਵਿਭਾਗ ਵਿੱਚ ਤਾਇਨਾਤ ਸਨ। ਉਨ੍ਹਾਂ ਦੀਆਂ 3 ਬੇਟੀਆਂ ਹਨ।