ਚੰਡੀਗੜ੍ਹ: ਅੰਬਾਲਾ ਛਾਉਣੀ ਦੀ ਰਾਏ ਮਾਰਕਿਟ ਵਿੱਚ ਸਥਿਤ ਲਿਬਰਟੀ ਇੰਮਬਾਇਡਰੀ ਦੁਕਾਨ ਤੋਂ ਹਰਿਆਣਾ, ਪੰਜਾਬ, ਲੇਹ, ਲੱਦਾਖ਼ ਸਮੇਤ ਦੇਸ਼ ਦੇ ਕਈ ਹਿੱਸਿਆ ਤੋਂ ਇਲਾਵਾ ਫ਼ੌਜ ਲਈ ਵੀ ਇਹ ਝੰਡਾ ਜਾਂਦਾ ਹੈ। ਅਜਿਹੇ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਦੁਕਾਨ ਮਾਲਕ ਗੁਰਪ੍ਰੀਤ ਸਿੰਘ ਸੰਧੂ ਨਾਲ ਖ਼ਾਸ ਗੱਲਬਾਤ ਕੀਤੀ।
ਗੁਰਪ੍ਰੀਤ ਸੰਧੂ ਨੇ ਦੱਸਿਆ ਕਿ ਇਹ ਦੁਕਾਨ 1965 ਤੋਂ ਚੱਲ ਰਹੀ ਹੈ। ਪਹਿਲਾਂ ਇਹ ਕੰਮ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਸੰਧੂ ਕਰਦੇ ਸੀ। ਗੁਰਪ੍ਰੀਤ ਨੇ ਦੱਸਿਆ ਕਿ ਜਦੋਂ 1999 ਵਿੱਚ ਭਾਰਤ ਅਤੇ ਪਕਿਸਤਾਨ ਵਿਚਾਲੇ ਯੁੱਧ ਹੋਇਆ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਆਰਮੀ ਨੂੰ ਝੰਡੇ ਬਣਾ ਕੇ ਦਿੱਤੇ ਸੀ ਇਸ ਤੋਂ ਇਲਾਵਾ ਜੋ ਝੰਡਾ ਜਿੱਤੀ ਹੋਈ ਟਾਇਗਰ ਹਿੱਲ ਤੇ ਫਹਿਰਾਇਆ ਗਿਆ ਸੀ ਉਹ ਵੀ ਇਸ ਦੁਕਾਨ ਤੋਂ ਹੀ ਬਣ ਕੇ ਤਿਆਰ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਭਾਰਤੀ ਫ਼ੌਜ ਨੇ ਯੁੱਧ ਜਿੱਤ ਲਿਆ ਸੀ ਤਾਂ ਉਨ੍ਹਾਂ ਦੇ ਪਿਤਾ ਨੇ 5 ਝੰਡੇ ਜਿੱਤੀਆਂ ਹੋਈਆਂ ਚੋਟੀਆਂ ਤੇ ਲਹਿਰਾਉਣ ਲਈ ਮੁਫ਼ਤ ਦਿੱਤੇ ਸੀ। ਜਿਸ ਤੋਂ ਬਾਅਦ ਤਤਕਾਲੀ 102 ਇਨਫ਼ੈਂਟਰੀ ਬ੍ਰਿਗੇਡ ਦੇ ਬ੍ਰਿਗੇਡੀਅਰ ਪੀਸੀ ਕਟੋਚ ਨੇ ਪ੍ਰਸ਼ੰਸ਼ਾ ਪੱਤਰ ਦਿੱਤਾ ਸੀ।
ਸੰਧੂ ਦੇ ਬਣਾਏ ਝੰਡੇ 15 ਅਗਸਤ ਅਤੇ 26 ਜਨਵਰੀ ਨੂੰ ਸੂਬੇ ਦੀਆਂ ਜ਼ਿਆਦਾਤਰ ਸਰਕਾਰੀ ਥਾਵਾਂ ਤੇ ਲਹਿਰਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਸ ਵੇਲੇ ਝੰਡਿਆਂ ਦੀ ਖ਼ਰੀਦਦਾਰੀ ਵਧ ਜਾਂਦੀ ਹੈ।
50 ਤੋਂ ਲੈ ਕੇ 12 ਹਜ਼ਾਰ ਦੀ ਕੀਮਤ ਵਾਲ਼ੇ ਝੰਡੇ
ਗੁਰਪ੍ਰੀਤ ਨੇ ਦੱਸਿਆ ਕਿ 15 ਅਗਸਤ ਅਤੇ 26 ਜਨਵਰੀ ਦੇ ਮੌਕੇ ਤਕਰੀਬਨ 700-800 ਤਿਰੰਗੇ ਬਣਾਏ ਜਾਂਦੇ ਹਨ ਜਿਨ੍ਹਾਂ ਦੀ ਕੀਮਤ 50 ਰੁਪਏ ਤੋਂ ਲੈ ਕੇ 12 ਹਜ਼ਾਰ ਤੱਕ ਹੁੰਦੀ ਹੈ। ਛੋਟੇ ਬੱਚਿਆ ਲਈ 1 ਬਾਈ ਡੇਢ ਦਾ ਤਿਰੰਗਾ 50 ਰੁਪਏ ਵਿੱਚ ਬਣਦਾ ਹੈ ਜਦੋਂ ਕਿ 20 ਬਾਈ 30 ਫੁੱਟ ਦੇ ਤਿਰੰਗੇ ਦੀ ਕੀਮਤ 8 ਹਜ਼ਾਰ ਤੋਂ ਲੈ ਕੇ 12 ਹਜ਼ਾਰ ਤੱਕ ਹੁੰਦੀ ਹੈ ਜਿਸ ਨੂੰ ਤਿਆਰ ਕਰਨ ਵਿੱਚ 2-3 ਦਿਨ ਲੱਗ ਜਾਂਦੇ ਹਨ।