ਕਾਨਪੁਰ: ਕੋਤਵਾਲੀ ਥਾਣਾ ਖੇਤਰ 'ਚ ਸਥਿਤ ਪੁਲਿਸ ਲਾਈਨ ਵਿੱਚ ਉਸ ਸਮੇਂ ਭੱਜ-ਦੌੜ ਮਚ ਗਈ, ਜਦੋਂ ਇਕ ਬੈਰੈਕ ਦੀ ਛੱਤ ਅਚਾਨਕ ਡਿੱਗ ਗਈ। ਇਸ ਘਟਨਾ ਵਿੱਚ 1 ਸਿਪਾਹੀ ਦੀ ਛੱਤ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ, ਜਦਕਿ 3 ਸਿਪਾਹੀ ਜ਼ਖਮੀ ਹੋ ਗਏ। ਜ਼ਖਮੀ ਸਿਪਾਹੀਆਂ ਨੂੰ ਜਲਦੀ ਹੀ ਹੈਲਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮ੍ਰਿਤਕ ਸਿਪਾਹੀ ਦਾ ਨਾਮ ਅਰਵਿੰਦ ਦੱਸਿਆ ਜਾ ਰਿਹਾ ਹੈ।
ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਦੇ ਲਈ ਕਈ ਟੀਮਾਂ ਜੁਟੀਆਂ ਹੋਈਆਂ ਹਨ। ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਨਗਰ ਨਿਗਮ ਤੋਂ ਕਈ ਜੇਸੀਬੀ ਅਤੇ ਕਈ ਵਾਹਨ ਮੰਗਵਾਏ ਗਏ ਹਨ, ਜੋ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਅਜੇ ਵੀ ਬਹੁਤ ਸਾਰੇ ਲੋਕਾਂ ਦੇ ਦਬੇ ਜਾਣ ਦਾ ਖ਼ਦਸ਼ਾ ਕੀਤਾ ਜਾ ਰਿਹਾ ਹੈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ। ਅਧਿਕਾਰੀਆਂ ਦੀ ਨਿਗਰਾਨੀ ਹੇਠ ਰਾਹਤ ਕਾਰਜ ਲਗਾਤਾਰ ਜਾਰੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ।
ਘਟਨਾਂ ਵਾਲੀ ਥਾਂ 'ਤੇ ਪਹੁੰਚੇ ਐਸਐਸਪੀ ਡਾ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜ਼ਿਆਦਾ ਬਾਰਸ਼ ਹੋਣ ਕਾਰਨ ਬੈਰਕ ਦੀ ਛੱਤ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਦੁੱਖ ਹੈ ਕਿ ਸਾਡਾ ਸਾਥੀ ਅਰਵਿੰਦ ਹੁਣ ਸਾਡੇ ਵਿੱਚ ਨਹੀਂ ਰਿਹਾ। ਪੁਲਿਸ ਪਰਿਵਾਰ ਦੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਅਸੀਂ ਮ੍ਰਿਤਕ ਸਿਪਾਹੀ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ।
ਐਸਐਸਪੀ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਉਮੀਦ ਘੱਟ ਹੈ ਕਿ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਇਸ ਦੇ ਬਾਵਜੂਦ, ਅਸੀਂ ਸਾਰਾ ਮਲਬਾ ਹਟਾ ਰਹੇ ਹਾਂ ਅਤੇ ਬਚਾਅ ਕਾਰਜ ਕਈ ਘੰਟਿਆਂ ਤੋਂ ਜਾਰੀ ਹੈ। ਇਸ ਦੇ ਨਾਲ ਹੀ ਐਸਐਸਪੀ ਨੇ ਇਸ ਸਾਰੇ ਮਾਮਲੇ ਦੀ ਐਸਪੀ ਲਾਈਨ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਤੋਂ ਬਾਅਦ ਅਸਲ ਕਾਰਨ ਪਤਾ ਚੱਲੇਗਾ, ਜਿਸ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।