ਚੰਬਾ: ਦੁਨੀਆਂ ਲਈ ਭੇਤ ਬਣ ਚੁੱਕਿਆ ਕੈਲਾਸ਼ ਪਰਬਤ ਆਪਣੇ ਆਪ 'ਚ ਕਈ ਭੇਤ ਲੁੱਕੋ ਕੇ ਬੈਠਾ ਹੈ, ਪਰ ਜਨਮਾਸ਼ਟਮੀ ਅਤੇ ਰਾਧਾਸ਼ਟਮੀ ਦੇ ਦਿਨ, ਚੌਥੇ ਪਹਿਰ ਵਿੱਚ ਕੈਲਾਸ਼ ਪਰਬਤ 'ਤੇ ਦਿਖਾਈ ਦੇਣ ਵਾਲੀ ਅਨੋਖੀ ਰੋਸ਼ਨੀ ਅਤੇ ਫਿਰ ਇਸ ਦਾ ਡੱਲ ਝੀਲ 'ਚ ਗੁੰਮ ਹੋ ਜਾਣਾ ਵਿੱਲਖਣ ਨਜ਼ਾਰਾ ਮੰਨਿਆ ਜਾਂਦਾ ਹੈ। ਇੰਝ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਇਥੇ ਮਣੀ ਦੇ ਰੂਪ ਵਿੱਚ ਰਹਿੰਦੇ ਹਨ।
ਇਤਿਹਾਸਕ ਮਹੱਤਵ
ਪੌਰਾਣਿਕ ਕਥਾਵਾਂ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਪਾਰਵਤੀ ਨਾਲ ਰਹਿਣ ਲਈ ਮਣੀਮਹੇਸ਼ ਪਰਬਤ ਦੀ ਉਸਾਰੀ ਕੀਤੀ ਸੀ। ਇੰਝ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਚੌਥੇ ਪਹਿਰ ਵਿੱਚ ਮਣੀ ਦੇ ਰੂਪ 'ਚ ਹੀ ਦਰਸ਼ਨ ਦਿੰਦੇ ਹਨ ਅਤੇ ਕਈ ਸ਼ਰਧਾਲੂ ਤਾਂ ਇਸ ਅਲੌਕਿਕ ਨਜ਼ਾਰੇ ਨੂੰ ਵੇਖਣ ਲਈ ਰਾਤ ਭਰ ਨਹੀਂ ਸੌਂਦੇ।
ਜਨਮ ਅਸ਼ਟਮੀ ਅਤੇ ਰਾਧਾ ਅਸ਼ਟਮੀ ਦੇ ਦਿਨ ਵਿਸ਼ੇਸ਼ ਤੌਰ 'ਤੇ ਚੰਨ ਦੀ ਰੋਸ਼ਨੀ 'ਚ ਮਣੀ ਚਮਕਦੀ ਹੈ ਅਤੇ ਡੱਲ ਝੀਲ ਦੇ ਨੇੜੇ ਸਾਰਾ ਇਲਾਕਾ ਭਗਵਾਨ ਸ਼ਿਵ ਦੇ ਜੈਕਾਰੇ ਨਾਲ ਗੁੰਜ਼ ਉਠਦਾ ਹੈ। ਇਸ ਮੌਕੇ ਇਥੇ ਭਗਤੀ ਦਾ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ।
ਟਰਕੋਈਜ਼ ਮਾਊਂਟੇਨ ਦੇ ਨਾਂਅ ਤੋਂ ਵੀ ਹੈ ਪ੍ਰਸਿੱਧ
ਕੈਲਾਸ਼ ਪਰਬਤ ਨੂੰ ਟਰਕੋਈਜ਼ ਮਾਊਂਟੇਨ ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਨੀਲਮਣੀ। ਸਵੇਰ ਵੇਲੇ ਸੂਰਜ ਨਿਕਲਣ ਦੇ ਸਮੇਂ ਇਥੇ ਦੇ ਨੇੜਲੇ ਇਲਾਕੇ ਨੀਲੇ ਰੰਗ ਦੀ ਰੋਸ਼ਨੀ ਨਾਲ ਭਰੇ ਹੋਏ ਵਿਖਾਈ ਦਿੰਦੇ ਹਨ। ਇਸ ਲਈ ਇਸ ਨੂੰ ਨੀਲਮਣੀ ਵਜੋਂ ਵੀ ਜਾਣਿਆ ਜਾਂਦਾ ਹੈ।
ਪਰਬਤ 'ਤੇ ਨਹੀਂ ਚੜ੍ਹ ਸਕੀਆ ਕੋਈ
ਦੰਤ ਕਥਾਵਾਂ ਮੁਤਾਬਕ ਅਜੇ ਤੱਕ ਇਸ ਪਰਬਤ ਦੀ ਚੋਟੀ ਤੱਕ ਕੋਈ ਵਿਅਕਤੀ ਨਹੀਂ ਪਹੁੰਚ ਸਕੀਆ ਹੈ। ਲੋਕਾਂ ਦਾ ਮੰਨਣਾ ਹੈ ਕਿ ਅਦਿੱਖ ਸ਼ਕਤੀਆਂ ਇਸ ਪਰਬਤ ਦੇ ਸ਼ਿਖਰ ਤੱਕ ਕਿਸੇ ਨੂੰ ਪੁੱਜਣ ਨਹੀਂ ਦਿੰਦੀਆਂ। ਸਥਾਨਕ ਲੋਕਾਂ ਮੁਤਾਬਕ ਇੱਕ ਚਰਵਾਹੇ ਨੇ ਇਸ ਪਰਬਤ 'ਤੇ ਚੜ੍ਹਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਅਸਫ਼ਲ ਰਿਹਾ ਅਤੇ ਪੱਥਰ ਬਣ ਗਿਆ।
ਇਸ ਤੋਂ ਇਲਾਵਾ ਸਾਲ 1968 ਵਿੱਚ ਵੀ ਇੱਕ ਮਹਿਲਾ ਦੇ ਨਿਰਦੇਸ਼ਨ 'ਚ ਕੁਝ ਪਰਬਤ ਆਰੋਹੀਆਂ ਦੀ ਟੀਮ ਨੇ ਇਸ ਪਰਬਤ 'ਤੇ ਚੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਸ 'ਚ ਅਸਫ਼ਲ ਰਹੇ।
ਮਣੀਮਹੇਸ਼ ਪਰਬਤ ਦੀ ਖੋਜ ਅਤੇ ਯਾਤਰਾ
ਭਰਮੌਰ ਉਪ ਮੰਡਲ ਤੋਂ 13 ਕਿਲੋਮੀਟਰ ਦੂਰ ਹੜਸਰ ਤੋਂ ਕਰੀਬ 13476 ਫੀਟ ਦੀ ਉਚਾਈ 'ਤੇ ਸਥਿਤ ਮਣੀਮਹੇਸ਼ ਝੀਲ ਦੀ ਖੋਜ਼ ਸਭ ਤੋਂ ਪਹਿਲਾਂ ਬਾਬਾ ਚਰਪਟ ਨਾਥ ਨੇ ਕੀਤੀ ਸੀ ਅਤੇ ਉਨ੍ਹਾਂ ਨੇ ਹੀ ਡੱਲ ਝੀਲ ਦੇ ਕਿਨਾਰੇ 'ਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ।
ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਕਈ ਸੂਬਿਆਂ ਸਮੇਤ ਦੇਸ਼ ਵਿਦੇਸ਼ ਤੋਂ ਲੋਕ ਇਥੇ ਪੂਜਾ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹਨ। ਇਸ ਨੂੰ ਆਸਥਾ ਅਤੇ ਸ਼ਰਧਾ ਦਾ ਵਿਸ਼ੇਸ਼ ਕੇਂਦਰ ਮੰਨਿਆ ਜਾਂਦਾ ਹੈ।