ਨਵੀਂ ਦਿੱਲੀ: ਦੇਹ ਵਪਾਰ ਤੇ ਅਗਵਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੀ ਗਈ ਗੀਤਾ ਉਰਫ ਸੋਨੂੰ ਪੰਜਾਬਣ ਨੂੰ ਡੀਡੀਯੂ ਹਸਪਤਾਲ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਹੈ। ਜੇਲ੍ਹ ਵਿੱਚ ਅਚਾਨਕ ਬਿਮਾਰ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਨੀਂਦ ਦੀਆਂ ਗੋਲੀਆਂ ਲਈਆਂ ਸਨ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਅਜਿਹੀ ਸਥਿਤੀ ਵਿੱਚ ਉਸ ਨੇ ਇਹ ਕਦਮ ਚੁੱਕਿਆ। ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੀਂਦ ਦੀ ਗੋਲੀ ਉਸ ਤੱਕ ਕਿਵੇਂ ਪਹੁੰਚੀ।
ਬਹੁਤ ਸਾਰੇ ਮਾਮਲਿਆਂ ਵਿੱਚ ਦੋਸ਼ੀ
ਜਾਣਕਾਰੀ ਮੁਤਾਬਕ ਸੋਨੂ ਪੰਜਾਬਣ ‘ਤੇ ਦਿੱਲੀ ਐਨਸੀਆਰ ਸਮੇਤ ਕਈ ਰਾਜਾਂ ‘ਚ ਦੇਹ ਵਪਾਰ ਦੇ ਮਾਮਲੇ ਦਰਜ ਹਨ। ਦਿੱਲੀ ਦੀ ਦੁਆਰਕਾ ਅਦਾਲਤ ਨੇ ਅਗਵਾ ਕਰਨ, ਮਨੁੱਖੀ ਤਸਕਰੀ ਅਤੇ ਦੇਹ ਵਪਾਰ ਦੇ ਦੋਸ਼ਾਂ ਤਹਿਤ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਬਾਅਦ ਉਸ ਨੂੰ ਹਾਲ ਹੀ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਐਡੀਸ਼ਨਲ ਸੈਸ਼ਨ ਜੱਜ ਪ੍ਰੀਤਮ ਸਿੰਘ ਨੇ ਸੋਨੂ ਪੰਜਾਬਣ ਤੇ ਉਸ ਦੇ ਸਹਿਯੋਗੀ ਸੰਦੀਪ ਨੂੰ ਇੱਕ ਨਾਬਾਲਿਗ ਕੁੜੀ ਨੂੰ ਅਗਵਾ ਕਰਨ, ਜਬਰ ਜਨਾਹ ਤੇ ਦੇਹ ਵਪਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ ਭੇਜਿਆ ਹੈ। ਇਹ ਮਾਮਲਾ ਸਾਲ 2014 'ਚ ਨਜਫਗੜ੍ਹ ਥਾਣੇ ਵਿੱਚ ਦਰਜ ਹੋਇਆ ਸੀ।