ਨਵੀਂ ਦਿੱਲੀ: 21 ਦਿਨਾਂ ਦੇ ਦੇਸ਼-ਵਿਆਪੀ ਲਾਕਡਾਊਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਸਮਾਜਿਕ ਦੂਰੀ ਦਾ ਲਾਜਵਾਬ ਉਦਾਹਰਣ ਦੇਖਣ ਨੂੰ ਮਿਲਿਆ।
ਸੋਸ਼ਲ ਮੀਡਿਆ ਉੱਤੇ ਇੱਕ ਫ਼ੋਟੋ ਸਾਂਝੀ ਕੀਤੀ ਜਾ ਰਹੀ ਹੈ, ਉਸ ਵਿੱਚ ਪੀਐੱਮ ਮੋਦੀ ਦੇ ਆਲੇ-ਦੁਆਲੇ ਮੰਤਰੀ ਇੱਕ ਸੁਰੱਖਿਅਤ ਦੂਰੀ ਬਣਾ ਕੇ ਬੈਠੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਫ਼ੋਟੋ ਸਾਂਝੀ ਕਰਦਿਆਂ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਹੈ ਕਿ ਸਮਾਜਿਕ ਦੂਰੀ ਅੱਜ ਦੇ ਸਮੇਂ ਦੀ ਲੋੜ ਬਣ ਗਈ ਹੈ। ਸਾਨੂੰ ਵੀ ਇਹ ਆਸ ਹੈ ਕਿ....ਤੁਸੀਂ ਵੀ ਇਹ ਕਰ ਰਹੇ ਹੋ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਬੈਠਕ ਵਾਲੀ ਤਸਵੀਰ।
ਤੁਹਾਨੂੰ ਦੱਸ ਦਈਏ ਕਿ ਪੀਐੱਮ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦੇ ਕਿਹਾ ਸੀ ਕਿ ਸਮਾਜਿਕ ਦੂਰੀ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਸਭ ਤੋਂ ਵੱਡਾ ਅਤੇ ਪ੍ਰਭਾਵੀ ਤਰੀਕਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਮਾਜਿਕ ਦੂਰੀ ਸਿਰਫ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਲਈ ਹੈ। ਇਹ ਗ਼ਲਤ ਹੈ। ਸਮਾਜਿਕ ਦੂਰੀ ਸਾਰਿਆਂ ਦੇ ਲਈ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਲਈ ਵੀ।
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਲਾਕਡਾਊਨ ਦੇ ਐਲਾਨ ਤੋਂ ਬਾਅਦ ਮੁਲਕ ਦੀ 130 ਕਰੋੜ ਜਨਤਾ ਨੂੰ 3 ਹਫ਼ਤਿਆਂ ਦੇ ਲਈ ਪੂਰੀ ਤਰ੍ਹਾਂ ਲਾਕਡਾਊਨ ਵਿੱਚ ਰਹਿਣ ਲਈ ਕਿਹਾ ਸੀ। ਪੀਐੱਮ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ 24 ਮਾਰਚ ਦੀ ਅੱਧੀ ਰਾਤ ਤੋਂ ਪੂਰਾ ਦੇਸ਼ ਲਾਕਡਾਊਨ ਰਹੇਗਾ।
ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਵਾਲੇ ਮਾਮਲੇ ਵੱਧ ਕੇ 25 ਮਾਰਚ ਤੱਕ 562 ਹੋ ਗਏ ਹਨ, ਜਦ ਕਿ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ।