ਭੋਪਾਲ: ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸੰਹੁ ਚੁੱਕ ਲਈ ਹੈ। ਭਾਜਪਾ ਹੈੱਡਕੁਆਰਟਰ ਵਿਖੇ ਹੋਈ ਮੀਟਿੰਗ ਵਿੱਚ ਸ਼ਿਵਰਾਜ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ।
ਇਸ ਤੋਂ ਪਹਿਲਾਂ ਭਾਜਪਾ ਦੇ ਸੂਤਰਾਂ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਨਰੋਤਮ ਮਿਸ਼ਰਾ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਨ ਪਰ ਕੇਂਦਰੀ ਲੀਡਰਸ਼ਿਪ ਨੇ ਸ਼ਿਵਰਾਜ ਸਿੰਘ ਚੌਹਾਨ ਦੇ ਨਾਂਅ ਨੂੰ ਮਨਜ਼ੂਰੀ ਦਿੱਤੀ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਇੰਚਾਰਜ ਵਿਨੈ ਸਹਿਸ੍ਰਬੁੱਧੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦੀ ਬੈਠਕ ਕੀਤੀ।
ਸ਼ਿਵਰਾਜ ਸਿੰਘ ਚੌਹਾਨ 2005 ਤੋਂ 2018 ਤੱਕ ਲਗਾਤਾਰ 13 ਸਾਲ ਮੁੱਖ ਮੰਤਰੀ ਰਹੇ। ਅੱਜ ਉਨ੍ਹਾਂ ਨੇ ਚੌਥੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸ਼ਿਵਰਾਜ ਨੇ ਚੌਥੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸ਼ਿਵਰਾਜ ਤੋਂ ਇਲਾਵਾ ਹੁਣ ਤੱਕ ਅਰਜੁਨ ਸਿੰਘ ਅਤੇ ਸ਼ਿਆਮਾਚਰਨ ਸ਼ੁਕਲਾ ਤਿੰਨ-ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਮੱਧਪ੍ਰਦੇਸ਼ ਵਿੱਚ 22 ਕਾਂਗਰਸ ਵਿਧਾਇਕਾਂ ਦੇ ਬਗਾਵਤ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ, ਕਾਂਗਰਸ ਸਰਕਾਰ ਘੱਟਗਿਣਤੀ ਵਿੱਚ ਆ ਗਈ ਸੀ ਅਤੇ ਮੁੱਖ ਮੰਤਰੀ ਕਮਲਨਾਥ ਨੇ 20 ਮਾਰਚ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਕਮਲ ਨਾਥ ਰਾਜਪਾਲ ਦੇ ਇਸ਼ਾਰੇ 'ਤੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਸਨ।
ਭਾਜਪਾ ਸੂਤਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਰਾਜ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਲਈ ਵਿਧਾਇਕ ਦਲ ਦੀ ਬੈਠਕ ਵਿੱਚ ਭਾਜਪਾ ਨੇ ਸਾਰੇ ਵਿਧਾਇਕਾਂ ਨੂੰ ਇਕੱਲੇ ਪਾਰਟੀ ਦਫਤਰ ਆਉਣ ਲਈ ਕਿਹਾ।