ਜੈਪੁਰ: ਜੇਐੱਲਐੱਫ ਦੇ ਦੂਜੇ ਸੈਸ਼ਨ 'ਚ ਪੁੱਜੇ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਭਾਜਪਾ ਤੇ ਆਰਐੱਸਐੱਸ 'ਤੇ ਜਮ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਸ਼ਸ਼ੀ ਥਰੂਰ ਨੇ ਕਿਹਾ ਕਿ ਜਿਸ ਨੇ ਗਾਂਧੀ ਨੂੰ ਮਾਰਿਆ ਸੀ ਉਹ ਆਰਐੱਸਐੱਸ ਸੀ।
ਜੈਪੁਰ ਸਾਹਿਤ ਸਮਾਰੋਹ ਦੇ ਦੂਜੇ ਸੈਸ਼ਨ ‘ਸ਼ਸ਼ੀ ਆਨ ਸ਼ਸ਼ੀ’ ਵਿੱਚ ਸ਼ਸ਼ੀ ਥਰੂਰ ਨੇ ਕਈ ਕਿਤਾਬਾਂ, ਜ਼ਿੰਦਗੀ ਦੇ ਕਈ ਪਹਿਲੂਆਂ ਅਤੇ ਰਾਜਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ। ਧਰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਨਹਿਰੂ ਅਤੇ ਸਾਰੇ ਨੇਤਾਵਾਂ ਮੁਤਾਬਕ ਕੋਈ ਵੀ ਧਰਮ ਭਾਰਤ ਦੀ ਪਛਾਣ ਨਹੀਂ ਹੈ। ਆਜ਼ਾਦੀ ਦੀ ਲੜਾਈ ਸਾਰੇ ਧਰਮਾਂ ਲਈ ਲੜੀ ਗਈ ਸੀ।
ਥਰੂਰ ਨੇ ਕਿਹਾ ਕਿ ਅੱਜ ਦੇਸ਼ ਵਿੱਚ ਇੱਕ ਵੱਖਰੀ ਕਿਸਮ ਦਾ ਮਾਹੌਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸਨੇ ਗਾਂਧੀ ਜੀ ਦਾ ਕਤਲ ਕੀਤਾ ਉਹ ਆਰਐੱਸਐੱਸ ਸੀ, ਪਰ ਲੋਕਾਂ ਦੀ ਸੋਚ ਅੱਜ ਵੀ ਨਹੀਂ ਬਦਲੀ ਹੈ। ਭਾਜਪਾ 'ਤੇ ਵਰ੍ਹਦਿਆਂ ਥਰੂਰ ਨੇ ਕਿਹਾ ਕਿ ਪਹਿਲੀ ਵਾਰ ਸਰਕਾਰ ਆਈ ਹੈ, ਜੋ ਲੋਕਾਂ ਨੂੰ ਸਮਾਜਿਕ ਤੌਰ 'ਤੇ ਵੰਡ ਰਹੀ ਹੈ, ਜੋ ਕਿ ਉਚਿਤ ਨਹੀਂ ਹੈ।
ਸੰਮੇਲਨ ਵਿੱਚ ਭਾਜਪਾ 'ਤੇ ਵਰ੍ਹਦਿਆਂ ਸ਼ਸ਼ੀ ਥਰੂਰ ਨੇ ਕਿਹਾ, "ਹਿੰਦੂਤਵ ਦਾ ਅਰਥ ਹੈ ਕਿ ਅਸੀਂ ਨਿਆਂ ਕਰਦੇ ਹਾਂ, ਤੁਸੀਂ ਮੇਰੀ ਸੱਚਾਈ ਨੂੰ ਸਮਝਦੇ ਹੋ ਅਤੇ ਮੈਂ ਤੁਹਾਡੇ ਸੱਚ ਨਾਲ ਜੀਉਂਦਾ ਹਾਂ, ਪਰ ਇਹ ਸਰਕਾਰ ਆਪਣੇ ਆਪ ਨੂੰ ਹਿੰਦੂਤਵ ਦਾ ਸਮੂਹ ਮੰਨਦੀ ਹੈ। ਉਹ ਜੋ ਕਰਦਾ ਹੈ ਉਹ ਸਹੀ ਹਿੰਦੂਤਵ ਹੈ, ਬਾਕੀ ਸਹੀ ਨਹੀਂ ਹੈ।"