ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਸਮਾਰੋਹ ਦੇ ਮੱਦੇਨਜ਼ਰ ਦਿੱਲੀ ਦੇ ਕੋਨੇ-ਕੋਨੇ 'ਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਦਿੱਲੀ ਪੁਲਿਸ ਤੋਂ ਇਲਾਵਾ ਐਨਐਸਜੀ, ਐਸਪੀਜੀ ਤੇ ਆਟੀਬੀਪੀ ਰਾਜਧਾਨੀ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ ਸ਼ਾਰਪਸ਼ੂਟਰ ਅਤੇ ਸਨਿੱਪਰ ਵੀ ਤਾਇਨਾਤ ਕੀਤੇ ਗਏ ਹਨ।
ਰਾਜਧਾਨੀ 'ਚ 10,000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਨਾਲ, ਦਿੱਲੀ ਪੁਲਿਸ ਇਸ ਵਾਰ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਅਤੇ ਡਰੋਨ ਦੀ ਮਦਦ ਵੀ ਲਵੇਗੀ। ਇਸ ਵਾਰ ਗਣਤੰਤਰ ਦਿਵਸ ਪਰੇਡ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਮੁੱਖ ਮਹਿਮਾਨ ਹੋਣਗੇ ਅਤੇ ਮਹਿਮਾਨਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦਿੱਲੀ ਪੁਲਿਸ ਨੇ ਇਸ ਵਾਰ ਰਾਜਪਥ ਵਿਖੇ 7 ਲੇਅਰ ਸੁਪਰ ਸਿਕਓਰਿਟੀ ਦੀ ਯੋਜਨਾ ਬਣਾਈ ਹੈ। ਪਹਿਲੇ ਸੁਰੱਖਿਆ ਚੱਕਰ 'ਚ ਐਸਪੀਜੀ, ਦੂਜੇ ਸਰਕਲ 'ਚ ਐਨਐਸਜੀ ਕਮਾਂਡੋ, ਤੀਜੇ ਸਰਕਲ 'ਚ ਸੈਨਾ ਦੇ ਜਵਾਨ, ਚੌਥੇ 'ਚ ਪੈਰਾਮਿਲਟਰੀ ਫੌਜ, ਪੰਜਵੇਂ, ਛੇਵੇਂ ਅਤੇ ਸੱਤਵੇਂ ਚੱਕਰ 'ਚ ਦਿੱਲੀ ਪੁਲਿਸ ਦੇ ਸਵਾਤ ਕਮਾਂਡੋ, ਖੁਫੀਆ ਏਜੰਸੀਆਂ ਦੇ ਲੋਕ ਅਤੇ ਦਿੱਲੀ ਪੁਲਿਸ ਦੇ ਕਰਮਚਾਰੀ ਹੋਣਗੇ।
ਜਾਣਕਾਰੀ ਅਨੁਸਾਰ ਰਾਜਪਥ ਤੋਂ ਲਾਲ ਕਿਲ੍ਹੇ ਤੱਕ ਪਰੇਡ ਦੇ ਰਸਤੇ ਦੀ ਨਿਗਰਾਨੀ ਲਈ ਬਹੁ-ਮੰਜ਼ਿਲਾ ਇਮਾਰਤਾਂ 'ਚ ਸ਼ਾਰਪਸ਼ੂਟਰ ਅਤੇ ਸਨਿੱਪਰ ਸਥਾਪਤ ਕੀਤੇ ਜਾਣਗੇ। ਸੁਰੱਖਿਆ ਪ੍ਰਬੰਧਾਂ ਤਹਿਤ ਲਾਲ ਕਿਲ੍ਹੇ, ਚਾਂਦਨੀ ਚੌਕ ਅਤੇ ਯਮੁਨਾ ਖੱਦਰ ਖੇਤਰਾਂ 'ਚ ਸੈਂਕੜੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚ ਘੱਟੋ ਘੱਟ 150 ਕੈਮਰੇ ਸ਼ਾਮਲ ਹਨ।
ਰਾਜਪਥ ਅਤੇ ਪਰੇਡ ਮਾਰਗਾਂ ਦੀ ਸੁਰੱਖਿਆ ਲਈ ਲਗਭਗ 25 ਹਜ਼ਾਰ ਸੈਨਿਕ ਤਾਇਨਾਤ ਕੀਤੇ ਗਏ ਹਨ। ਜਿਸ ਵਿਚ ਦਿੱਲੀ ਪੁਲਿਸ ਦੇ 17 ਹਜ਼ਾਰ ਜਵਾਨ, 45 ਅਰਧ ਸੈਨਿਕ ਫੋਰਸ ਕੰਪਨੀ ਅਤੇ ਸਵੈਟ ਕਮਾਂਡੋ ਸ਼ਾਮਲ ਹੋਣਗੇ। ਸੁਰੱਖਿਆ ਕਰਮਚਾਰੀਆਂ ਨੇ ਬਿਜ਼ੀ ਬਾਜ਼ਾਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਥਾਵਾਂ ਦੀ ਪਛਾਣ ਕੀਤੀ ਹੈ, ਜਿੱਥੇ ਵਾਧੂ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।