ਗੁਵਹਾਟੀ / ਤੇਜਪੁਰ: ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰਾਮ ਮੰਦਰ ਭੂਮੀ ਪੂਜਾ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਜਾਂਚ ਸੂਬੇ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਸੌਂਪੀ ਗਈ ਹੈ। ਦੂਜੇ ਪਾਸੇ ਇਲਾਕੇ 'ਚ ਅਣਮਿਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਫੌਜ ਨੇ ਜ਼ਿਲ੍ਹੇ 'ਚ ਫਲੈਗ ਮਾਰਚ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਥੇਲਾਮਾਰਾ ਅਤੇ ਢੇਕਿਆਜੂਲੀ ਪੁਲਿਸ ਥਾਣੇ ਖ਼ੇਤਰ 'ਚ ਅਨਿਸ਼ਚਿਤ ਕਾਲ ਲਈ ਕਰਫਿਊ ਲਗਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਦਾ ਜਸ਼ਨ ਮਨਾਉਣ ਲਈ ਬਜਰੰਗ ਦਲ ਦੇ ਵਰਕਰਾਂ ਨੇ ਮੋਟਰਸਾਈਕਲ ਰੈਲੀ ਕੱਢੀ ਸੀ, ਜਿਸ ਤੋਂ ਬਾਅਦ ਦੋ ਕਮਿਊਨਿਟੀ ਦੇ ਲੋਕਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਹ ਘਟਨਾ ਭੋਰਾ ਸਿੰਗੋਰੀ ਅਤੇ ਗੋਰੁਦੂਬਾ ਪਿੰਡਾਂ 'ਚ ਵਾਪਰੀ।
ਗੁਵਹਾਟੀ 'ਚ ਪੁਲਿਸ ਦੇ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਸੋਨੋਵਾਲ ਨੇ ਕਿਹਾ, "ਡੀਜੀਪੀ ਨੂੰ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।" ਇਸ ਸਮੇਂ ਦੌਰਾਨ, ਮੈਂ ਸਭ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕਰਦਾ ਹਾਂ। ਸਾਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ। "
ਸੋਨਿਤਪੁਰ ਦੇ ਐਡੀਸ਼ਨਲ ਸੁਪਰੀਡੈਂਟ ਆਫ ਪੁਲਿਸ ਨੂਮਲ ਮਹਾਤਾ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ਉੱਤੇ ਥੇਲਾਮਾਰਾ ਪੁਲਿਸ ਖ਼ੇਤਰ 'ਚ ਆਉਣ ਵਾਲੇ ਇਲਾਕੇ 'ਚ ਬੀਤੀ ਰਾਤ ਫਲੈਗ ਮਾਰਚ ਕੀਤਾ। ਉਨ੍ਹਾਂ ਦੱਸਿਆ, 'ਅਸੀਂ ਦੋ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਬੀਤੀ ਰਾਤ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਹੈ। ਇਥੇ ਹਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ। ਮਹਾਤਾ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਤਕਰੀਬਨ 10 ਲੋਕ ਜ਼ਖਮੀ ਹੋਏ ਹਨ। ਉਥੇ ਹੀ ਬਜਰੰਗ ਦਲ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਘੱਟ ਤੋਂ ਘੱਟ 12 ਲੋਕ ਜ਼ਖਮੀ ਹਨ।
ਇਸ ਵਿਚਾਲੇ, ਸੂਤਰਾਂ ਨੇ ਦੱਸਿਆ ਕਿ ਐਡੀਸ਼ਨਲ ਡੀਜੀਪੀ (ਕਾਨੂੰਨ ਵਿਵਸਥਾ) ਗਿਆਨੇਂਦਰ ਪ੍ਰਤਾਪ ਸਿੰਘ ਨੂੰ ਇਸ ਤਣਾਅ ਗ੍ਰਸਤ ਇਲਾਕੇ ਦਾ ਦੌਰਾ ਕਰਨ ਤੇ ਮੌਜੂਦਾ ਹਲਾਤਾਂ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ।
ਸੋਨਿਤਪੁਰ ਦੇ ਐਸਪੀ ਮੁਗਧਜਯੋਤੀ ਦੇਵ ਮਹੰਤਾ ਬੁੱਧਵਾਰ ਸ਼ਾਮ ਤੋਂ ਹੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ। ਝੜਪ ਉਦੋਂ ਹੋਈ ਜਦੋਂ ਬਾਈਕ ਸਵਾਰ ਵਰਕਰ ਬੇਹੱਦ ਤੇਜ਼ ਆਵਾਜ਼ ਵਿੱਚ ਗਾਣੇ ਵਜਾਉਣ ਲੱਗੇ ਤੇ ਨਾਅਰੇ ਲਾਉਂਦੇ ਹੋਏ ਭੋਰਾ ਸਿੰਗੋਰੀ ਮੰਦਰ ਵੱਲ ਜਾ ਰਹੇ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸੰਗੀਤ ਅਤੇ ਕੋਵਿਡ -19 ਮਹਾਂਮਾਰੀ ਦੇ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ ਤੇ ਇਤਰਾਜ਼ ਪ੍ਰਗਟਾਇਆ। ਇਸ ਤੋਂ ਬਾਅਦ ਇਹ ਹਿੰਸਕ ਝੜਪ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਕੁਝ ਸਮੇਂ ਬਾਅਦ ਜਦੋਂ ਸੋਨੀਤਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਵੇਂਦਰ ਪ੍ਰਤਾਪ ਸਿੰਘ ਉਥੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਹਲਾਤਾਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ ਹਵਾ ਵਿੱਚ ਫਾਇਰ ਕੀਤੇ। ਕਈ ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾਂ ਤੋਂ ਬਾਅਦ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ। ਵਰਕਰਾਂ ਕੋਲ ਰੈਲੀ ਕੱਢਣ ਦੀ ਇਜਾਜ਼ਤ ਨਹੀਂ ਸੀ।ਨਲਬਾਰੀ ਜ਼ਿਲ੍ਹੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇੱਕਠ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਦੇ ਬਾਵਜੂਦ ਇਥੇ ਹਵਨ ਦਾ ਆਯੋਜਨ ਕੀਤਾ ਗਿਆ। ਨਲਬਾਰੀ ਦੇ ਡਿਪਟੀ ਕਮਿਸ਼ਨਰ ਪੂਰਬੀ ਕੋਨਵਰ ਨੇ ਮੰਨਿਆ ਕਿ ਪ੍ਰਸ਼ਾਸਨ ਨੂੰ ਪਤਾ ਸੀ ਕਿ ਰਾਮ ਜਨਮ ਭੂਮੀ ਮੰਦਰ ਦੇ ਨੀਂਹ ਪੱਥਰ ਦਾ ਜਸ਼ਨ ਮਨਾਉਣ ਲਈ ਇਥੇ ਇੱਕ ਵਿਸ਼ਨੂੰ ਹਵਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਪਰ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ।
ਇਸ ਸਬੰਧੀ ਸ਼ਿਕਾਇਤ ਮਿਲਣ ਮਗਰੋਂ ਕਾਂਗਰਸ ਨੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਅਮਨਜੀਤ ਕੌਰ ਨੇ ਕਿਹਾ ਕਿ ਜੇਕਰ ਸਮਾਗਮ ਦੌਰਾਨ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਪੁਲਿਸ ਉਸ 'ਤੇ ਕਾਰਵਾਈ ਕਰੇਗੀ।
ਡੀਸੀ ਪੂਰਬੀ ਕੋਨਵਾਰ ਨੇ ਦੱਸਿਆ, ' ਅਸੀਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ। ਖ਼ੇਤਰ ਅਧਿਕਾਰੀਆਂ ਨੇ ਹਵਨ ਬਾਰੇ ਮੌਖਿਕ ਸੂਚਨਾ ਦਿੱਤੀ ਸੀ, ਅਤੇ ਮੈਂ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ' ਉਥੇ ਹੀ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਸਬੰਧੀ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ।