ਮਾਸਕੋ: ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੀ ਤਿੰਨ ਦਿਨਾਂ ਦੀ ਰੂਸ ਯਾਤਰਾ ਦੇ ਦੂਜੇ ਦਿਨ ਮਾਸਕੋ ਵਿੱਚ ਭਾਰਤੀ ਦੂਤਘਰ ਪਹੁੰਚੇ। ਇੱਥੇ ਉਨ੍ਹਾਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ।
ਰਾਜਨਾਥ ਸਿੰਘ ਨੇ ਬੈਠਕ ਵਿੱਚ ਕਿਹਾ ਕਿ ਉਹ ਰੂਸ ਦੀ ਯਾਤਰਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਰੱਖਿਆ ਸਮਝੌਤਾ ਨਾ ਸਿਰਫ ਕਾਇਮ ਰੱਖਿਆ ਜਾਵੇਗਾ ਬਲਕਿ ਇਹ ਤੇਜ਼ੀ ਨਾਲ ਪੂਰਾ ਵੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਰੂਸ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜੋ ਦੂਸਰੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਲੱਖਾਂ ਭਾਰਤੀ ਫੌਜੀਆਂ ਨੇ ਵੀ ਇਸ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਉਹ ਸ਼ਹੀਦ ਹੋ ਗਏ ਸਨ।
ਇਸ ਦੌਰਾਨ ਰਾਜਨਾਥ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਵਾਈ. ਇਵਾਨੋਵਿਚ ਬੋਰਿਸੋਵ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਰੱਖਿਆ ਸਕੱਤਰ ਡਾ: ਅਜੈ ਕੁਮਾਰ ਵੀ ਮੌਜੂਦ ਸਨ।