ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ-ਕਸ਼ਮੀਰ ਦੌਰੇ 'ਤੇ ਹਨ। ਅੱਜ ਰਾਜਨਾਥ ਸਿੰਘ ਅਮਰਨਾਥ ਯਾਤਰਾ 'ਤੇ ਪਹੁੰਚੇ ਜਿਥੇ ਉਨ੍ਹਾਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਰਾਜਨਾਥ ਸਿੰਘ ਦੇ ਨਾਲ ਸੀਡੀਐਸ ਬਿਪਿਨ ਰਾਵਤ ਅਤੇ ਆਰਮੀ ਚੀਫ ਨਰਵਣੇ ਵੀ ਮੌਜੂਦ ਸਨ।
ਲੱਦਾਖ ਵਿਚ ਬੀਤੇ ਦਿਨ ਰਾਜਨਾਥ ਸਿੰਘ ਨੇ ਚੀਨ ਨੂੰ ਅਸਿੱਧੇ ਤੌਰ 'ਤੇ ਚੇਤਾਵਨੀ ਦਿੱਤੀ ਸੀ ਕਿ ਕੋਈ ਵੀ ਭਾਰਤ ਦੀ ਇਕ ਇੰਚ ਜ਼ਮੀਨ ਨਹੀਂ ਲੈ ਸਕਦਾ। ਰਾਜਨਾਥ ਸਿੰਘ ਨੇ ਐਲਏਸੀ ਪਹੁੰਚ ਕੇ ਜਵਾਨਾਂ ਨੂੰ ਉਤਸ਼ਾਹਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਫੌਜ ਉੱਤੇ ਮਾਣ ਹੈ।
ਲੱਦਾਖ ਵਿਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਸੀਂ ਕਦੇ ਕਿਸੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਿਸੇ ਦੇਸ਼ ਦੀ ਧਰਤੀ ਉੱਤੇ ਕਬਜ਼ਾ ਕੀਤਾ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਸਾਡਾ ਚਰਿੱਤਰ ਰਿਹਾ ਹੈ ਕਿ ਅਸੀਂ ਕਦੇ ਕਿਸੇ ਦੇਸ਼ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਭਾਰਤ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਸ ਦਾ ਢੁਕਵਾਂ ਜਵਾਬ ਦੇਵਾਂਗੇ।