ਸ਼ਾਰਜਾਹ: ਆਈਪੀਐਲ ਦੇ 13ਵੇਂ ਸੀਜ਼ਨ ਦੇ ਉੱਚ ਸਕੋਰ ਵਾਲੇ ਚੌਥੇ ਮੈਚ ਵਿੱਚ ਪਹਿਲੇ ਸੀਜਨ ਦੀ ਜੇਤੂ ਰਾਜਸਥਾਨ ਨੇ ਚੇਨੱਈ ਨੂੰ ਹਰਾ ਕੇ ਮੈਚ ਜਿੱਤ ਲਿਆ ਹੈ। ਚੇਨਈ ਨੂੰ ਜਿੱਤ ਲਈ ਰਾਜਸਥਾਨ ਨੇ 216 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਚੇਨੱਈ 200 ਦੌੜਾਂ ਹੀ ਬਣਾਉਣ ਵਿੱਚ ਸਫ਼ਲ ਹੋ ਸਕੀ। ਰਾਜਸਥਾਨ ਦੀ ਜਿੱਤ ਵਿੱਚ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਪਲੇਅਰ ਆਫ਼ ਦਾ ਮੈਚ ਚੁਣੇ ਗਏ।
216 ਦੇ ਪਹਾੜ ਰੂਪੀ ਟੀਚੇ ਦਾ ਪਿੱਛਾ ਕਰਨ ਉਤਰੀ ਚੇਨੱਈ ਸੁਪਰ ਕਿੰਗਜ਼ ਨੂੰ ਮੁਰਲੀ ਵਿਜੇ ਨੇ 21 ਅਤੇ ਸ਼ੇਨ ਵਾਟਸਨ ਨੇ 21 ਗੇਂਦਾਂ ਵਿੱਚ 33 ਦੌੜਾਂ ਬਣਾਉਂਦੇ ਹੋਏ ਵਧੀਆ ਸ਼ੁਰੂਆਤ ਦਿੱਤੀ, ਜਿਸ ਨੂੰ ਫ਼ਾਫ ਡੂ ਪਲੇਸਿਸ ਨੇ ਅੱਗੇ ਵਧਾਉਂਦੇ ਹੋਏ 37 ਗੇਂਦਾਂ ਵਿੱਚ 72 ਦੌੜਾਂ ਦੀ ਤਾਬੜਤੋੜ ਪਾਰੀ ਪਾਰੀ ਖੇਡੀ ਅਤੇ ਟੀਮ ਨੂੰ ਟੀਚੇ ਨਜ਼ਦੀਕ ਪਹੁੰਚਾਇਆ।
ਡੂ ਪਲੇਸਿਸ ਦੇ ਆਊਟ ਹੁੰਦੇ ਹੀ ਟੀਮ ਚੇਨੱਈ ਦੀ ਟੀਮ ਲੜਖੜਾ ਗਈ ਅਤੇ ਕੁੱਝ ਅੰਤਰਾਲ ਵਿੱਚ ਦੋ ਹੋਰ ਵਿਕਟਾਂ ਡਿੱਗ ਗਈਆਂ। ਉਪਰੰਤ ਬੱਲੇਬਾਜ਼ੀ ਲਈ ਆਏ ਕੇਦਾਰ ਜਾਧਵ (16 ਗੇਂਦਾਂ 22 ਦੌੜਾਂ) ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (17 ਗੇਂਦਾਂ 29 ਦੌੜਾਂ) ਨੇ ਮੋਰਚਾ ਸੰਭਾਲਦੇ ਹੋਏ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜਸਥਾਨ ਦੀ ਕਸੀ ਹੋਈ ਗੇਂਦਬਾਜ਼ੀ ਅੱਗੇ ਟੀਮ ਨਿਰਧਾਰਤ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ।
ਰਾਜਸਥਾਨ ਲਈ ਰਾਹੁਲ ਤਿਵੇਤੀਆ ਨੇ 4 ਓਵਰਾਂ ਵਿੱਚ 33 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ।
ਇਸਤੋਂ ਪਹਿਲਾਂ ਚੇਨੱਈ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਿਆ। ਬੱਲੇਬਾਜ਼ੀ ਲਈ ਆਏ ਰਾਜਸਥਾਨ ਦੇ ਸਲਾਮੀ ਬੱਲੇਬਾਜ਼ਾਂ ਵਿੱਚੋਂ ਯਸ਼ਵੀ ਜੈਸਵਾਲ ਨੂੰ ਸ਼ੁਰੂਆਤ ਵਿੱਚ ਹੀ ਦੀਪਕ ਚਹਿਰ ਨੇ 6 ਦੌੜਾਂ 'ਤੇ ਪਵੇਲੀਅਨ ਦਾ ਰਸਤਾ ਵਿਖਾ ਦਿੱਤਾ। ਇਸ ਪਿੱਛੋਂ ਰਾਜਸਥਾਨ ਲਈ ਮੋਰਚਾ ਸੰਭਾਲਦੇ ਹੋਏ ਕਪਤਾਨ ਸਟੀਵ ਸਮਿੱਥ ਨੇ 37 ਗੇਂਦਾਂ ਵਿੱਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 69 ਦੌੜਾਂ ਦੀ ਕਪਤਾਨੀ ਪਾਰੀ ਖੇਡੀ।
ਉਨ੍ਹਾਂ ਦਾ ਸਾਥ ਦੇਣ ਆਏ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਨੇ ਵੀ ਤਾਬੜਤੋੜ ਬੱਲੇਬਾਜ਼ੀ ਕਰਦਿਆਂ 32 ਗੇਂਦਾਂ ਵਿੱਚ ਹੀ 9 ਚੌਕਿਆਂ ਅਤੇ ਇੱਕ ਛੱਕੇ ਦੀ ਬਦੌਲਤ 74 ਦੌੜਾਂ ਟੀਮ ਲਈ ਜੋੜੀਆਂ ਅਤੇ ਟੀਮ ਨੂੰ ਮਜਬੂਤ ਸਥਿਤੀ ਵਿੱਚ ਪਹੁੰਚਾਇਆ।
ਆਖ਼ਰੀ ਓਵਰਾਂ ਵਿੱਚ ਬੱਲੇਬਾਜ਼ੀ ਲਈ ਆਏ ਗੇਂਦਬਾਜ਼ ਜੋਫ਼ਰਾ ਆਰਚਰ ਨੇ ਵੀ ਰਾਜਸਥਾਨ ਲਈ ਬੱਲੇ ਨਾਲ ਕਮਾਲ ਕਰਦੇ ਹੋਏ 8 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਟੀਮ ਨੂੰ 216 ਦੌੜਾਂ 'ਤੇ ਪਹੁੰਚਾ ਦਿੱਤਾ।
ਚੇਨੱਈ ਸੁਪਰ ਕਿੰਗਜ਼ ਲਈ ਗੇਂਦਬਾਜ਼ ਟਾਮ ਕਰਨ ਨੇ 4 ਓਵਰਾਂ ਵਿੱਚ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।