ਨਵੀਂ ਦਿੱਲੀ: ਲੌਕਡਾਊਨ ਦੌਰਾਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਦੇ ਮਾਮਲੇ 'ਤੇ ਹੁਣ ਭਾਰਤੀ ਰੇਲਵੇ ਨੇ ਸਪੱਸ਼ਟੀਕਰਨ ਦਿੱਤਾ ਹੈ।
ਰੇਲਵੇ ਨੇ ਕਿਹਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਤੋਂ ਟਿਕਟਾਂ ਦਾ ਕਿਰਾਇਆ ਨਹੀਂ ਲਿਆ ਜਾ ਰਿਹਾ। ਉੱਥੇ ਹੀ ਰੇਲਵੇ ਸੂਬਾ ਸਰਕਾਰਾਂ ਤੋਂ ਇਸ ਲਈ ਸਿਰਫ਼ ਮਿਆਰੀ ਕਿਰਾਇਆ ਲੈ ਰਹੀ ਹੈ, ਜੋ ਕੁੱਲ ਲਾਗਤ ਦਾ ਸਿਰਫ਼ 15 ਫ਼ੀਸਦੀ ਹੈ। ਬਾਕੀ 85 ਫ਼ੀਸਦੀ ਖ਼ਰਚ ਰੇਲਵੇ ਮੰਤਰਾਲੇ ਵੱਲੋਂ ਖ਼ੁਦ ਚੁੱਕਿਆ ਜਾ ਰਿਹਾ ਹੈ।
ਰੇਲਵੇ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਰੇਲਵੇ ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾ ਰਹੀ ਹੈ। ਇਨ੍ਹਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰੇਲ ਗੱਡੀਆਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਛੱਡ ਕੇ ਖਾਲੀ ਵਾਪਸ ਆ ਰਹੀਆਂ ਹਨ। ਵਾਪਸੀ ਦੌਰਾਨ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਂਦਾ ਹੈ। ਰੇਲਵੇ ਨੇ ਦੱਸਿਆ ਕਿ ਰੇਲਵੇ ਵੱਲੋਂ ਮਜ਼ਦੂਰਾਂ ਨੂੰ ਮੁਫ਼ਤ ਭੋਜਨ ਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ।