ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਨਿਕੋਲਸ ਬਰਨਜ਼ ਨਾਲ ਕੋਰੋਨਾ ਵਾਇਰਸ ਸੰਕਟ ਦੇ ਚੱਲਦੇ ਵਿਸ਼ਵ ਵਿਆਪੀ ਵਿਵਸਥਾ ਦੇ ਨਵੇਂ ਰੂਪ ਧਾਰਨ ਕਰਨ ਦੀ ਸੰਭਾਵਨਾ 'ਤੇ ਗੱਲਬਾਤ ਕੀਤੀ, ਜਿਸ ਦੀ ਵੀਡੀਓ ਅੱਜ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਰੀ ਕੀਤੀ ਗਈ।
ਰਾਹੁਲ ਨੇ ਪੁੱਛਿਆ ਕਿ ਤਾਲਾਬੰਦੀ ਦੌਰਾਨ ਕੈਂਬਰਿਜ ਵਿੱਚ ਹਾਲਾਤ ਕਿਹੋ-ਜਿਹੇ ਹਨ। ਨਿਕੋਲਸ ਨੇ ਕਿਹਾ ਕਿ ਭਾਰਤ ਦੀ ਤਰ੍ਹਾਂ ਅਸੀਂ ਵੀ ਤਾਲਾਬੰਦੀ ਵਿੱਚ ਹਾਂ। ਦੋਵਾਂ ਦੇਸ਼ਾਂ ਵਿੱਚ ਸੰਕਟ ਹੈ।
ਨਸਲੀ ਵਿਤਕਰੇ ਨੂੰ ਲੈ ਕੇ ਹੋ ਰਹੇ ਵਿਰੋਧ ਵਿੱਚ ਰਾਹੁਲ ਨੇ ਪੁੱਛਿਆ ਕਿ ਅਮਰੀਕਾ ਵਿੱਚ ਅਜਿਹੇ ਹਾਲਾਤ ਕਿਉਂ ਹਨ? ਇਸ ਪ੍ਰਸ਼ਨ 'ਤੇ ਨਿਕੋਲਸ ਨੇ ਕਿਹਾ ਕਿ ਗੁਲਾਮ ਲੋਕਾਂ ਨਾਲ ਪਹਿਲਾ ਜਹਾਜ਼ 1619 ਵਿੱਚ ਇਥੇ ਆਇਆ ਸੀ। ਉਨ੍ਹਾ ਕਿਹਾ ਕਿ ਅਮਰੀਕਾ ਦੀ ਸ਼ੁਰੂਆਤ ਤੋਂ ਹੀ ਅਫਰੀਕੀ ਅਮਰੀਕੀ ਲੋਕਾਂ ਨੂੰ ਨਸਲ ਅਤੇ ਦੁਰਵਿਵਹਾਰ ਦੀਆਂ ਸਮੱਸਿਆਵਾਂ ਸਨ।
ਨਿਕੋਲਸ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਗੁਲਾਮੀ ਖ਼ਿਲਾਫ਼ ਲੜਾਈ ਬਾਰੇ ਸੋਚਣਾ ਚਾਹੀਦਾ ਹੈ। ਪਿਛਲੇ 100 ਸਾਲਾਂ ਵਿੱਚ ਸਾਡਾ ਸਭ ਤੋਂ ਮਹਾਨ ਅਮਰੀਕੀ ਮਾਰਟਿਨ ਲੂਥਰ ਕਿੰਗ ਜੂਨੀਅਰ ਹੈ। ਉਨ੍ਹਾਂ ਨੇ ਸ਼ਾਂਤਮਈ ਅਤੇ ਅਹਿੰਸਕ ਲੜਾਈ ਲੜੀ। ਉਨ੍ਹਾਂ ਦੇ ਅਧਿਆਤਮਿਕ ਆਦਰਸ਼ ਮਹਾਤਮਾ ਗਾਂਧੀ ਸਨ। ਉਨ੍ਹਾਂ ਕਿਹਾ ਕਿ ਗਾਂਧੀ ਦੀ ਤਰ੍ਹਾਂ ਮਾਰਟਿਨ ਲੂਥਰ ਕਿੰਗ ਅਮਰੀਕਾ ਨੂੰ ਇੱਕ ਬਿਹਤਰ ਦੇਸ਼ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਫਰੀਕੀ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚੁਣਿਆ, ਜਿਸਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ। ਹੁਣ ਨਸਲਵਾਦ ਮੁੜ ਤੋਂ ਵਾਪਸ ਆ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਖ਼ੁਦ ਹੀ ਦੇਖੋ ਮਿਨੇਸੋਟਾ 'ਚ ਪੁਲਿਸ ਵੱਲੋਂ ਕਿਵੇਂ ਅਫ਼ਰੀਕੀ-ਅਮਰੀਕੀ ਨਾਲ ਜੋ ਕੀਤਾ ਜਾ ਰਿਹਾ ਹੈ, ਉਹ ਕਿੰਨਾਂ ਭਿਆਨਕ ਹੈ। ਨੌਜਵਾਨ ਜਾਰਜ ਫਲਾਇਡ ਦਾ ਪੁਲਿਸ ਵੱਲੋਂ ਸ਼ਰੇਆਮ ਕਤਲ ਕਰ ਦਿੱਤਾ ਗਿਆ। ਇਸ ਦਾ ਅਮਰੀਕਾ ਦੇ ਲੋਕ ਸ਼ਾਂਤੀ ਨਾਲ ਪ੍ਰਦਰਸ਼ਨ ਵੀ ਕਰ ਰਹੇ ਹਨ।
ਜਦੋਂ ਰਾਹੁਲ ਨੇ ਪੁੱਛਿਆ, ਕੀ ਤੁਹਾਨੂੰ ਲਗਦਾ ਹੈ ਕਿ ਅਮਰੀਕਾ ਅਤੇ ਭਾਰਤ ਦੋਵਾਂ ਵਿੱਚ ਸਮੱਸਿਆਵਾਂ ਹਨ, ਕਿਉਂਕਿ ਦੋਵੇਂ ਸਹਿਣਸ਼ੀਲ ਦੇਸ਼ ਹਨ। ਇਥੇ ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਬਰਨਜ਼ ਨੇ ਕਿਹਾ ਕਿ ਦੇਖੋ ਅੱਜ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਵਾਧਾ
ਇਹ ਲੋਕਤੰਤਰ ਦੀ ਤਾਕਤ ਹੈ। ਚੀਨ ਵਰਗੇ ਦੇਸ਼ਾਂ ਵਿੱਚ ਇਹ ਸੰਭਵ ਨਹੀਂ ਹੈ। ਅਸੀਂ ਚੰਗੀ ਸਥਿਤੀ ਵਿੱਚ ਹਾਂ। ਭਾਰਤ ਵਿੱਚ ਵੀ ਲੋਕਤੰਤਰ ਹੈ। ਲੰਬੀ ਲੜਾਈ ਤੋਂ ਬਾਅਦ ਭਾਰਤ ਨੂੰ ਆਜ਼ਾਦੀ ਮਿਲੀ। ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਦੋਵਾਂ ਦੇਸ਼ਾਂ ਵਿੱਚ ਲੋਕਤੰਤਰ ਮਜ਼ਬੂਤ ਹੋਵੇਗਾ।
ਰਾਹੁਲ ਨੇ ਪੁੱਛਿਆ ਕਿ ਕੀ ਦੋਵੇਂ ਦੇਸ਼ ਕੋਰੋਨਾ ਸੰਕਟ ਵਿੱਚ ਇਕੱਠੇ ਨਹੀਂ ਹੋਏ ਹਨ। ਬਰਨਜ਼ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੀ-20 ਦੇਸ਼ਾਂ ਨੂੰ ਇਸ ਸੰਕਟ ਲਈ ਇਕੱਠੇ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਟਰੰਪ ਇਕੱਲੇ ਜਾਣਾ ਚਾਹੁੰਦੇ ਹਨ। ਜਿਨਪਿੰਗ ਵੀ ਇਸ ਤਰ੍ਹਾਂ ਹੀ ਹੈ।
ਰਾਹੁਲ ਨੇ ਕਿਹਾ ਕਿ ਕੀ ਤਾਕਤ ਦਾ ਸੰਤੁਲਨ ਬਦਲਣ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ ਬਰਨਜ਼ ਨੇ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਚੀਨ ਜਿੱਤ ਰਿਹਾ ਹੈ, ਤਾਂ ਇਹ ਸਹੀ ਨਹੀਂ ਹੈ। ਅਮਰੀਕਾ ਦੀ ਤੁਲਨਾ ਵਿੱਚ ਚੀਨ ਕਿਤੇ ਨਹੀਂ ਹੈ। ਉਥੇ ਕੋਈ ਲੋਕਤੰਤਰ ਨਹੀਂ ਹੈ। ਉੱਥੋਂ ਦੀ ਲੀਡਰਸ਼ਿਪ ਡਰੀ ਹੋਈ ਹੈ। ਦੇਖੋ ਹਾਂਗ ਕਾਂਗ ਵਿੱਚ ਕੀ ਹੋ ਰਿਹਾ ਹੈ।
ਰਾਹੁਲ ਨੇ ਕਿਹਾ ਕਿ ਅਸੀਂ ਇੱਕ ਵੱਡੇ ਕਾਰੋਬਾਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਖੁੱਲ੍ਹ ਕੇ ਬੋਲਣ ਵਿੱਚ ਮੁਸ਼ਕਿਲ ਆ ਰਹੀ ਹੈ, ਕਿਉਂਕਿ ਡਰ ਦਾ ਮਾਹੌਲ ਹੈ। ਬਰਨਜ਼ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ।