ਨਵੀਂ ਦਿੱਲੀ: ਝਾਰਖੰਡ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਮੋਦੀ 'ਤੇ ਤੰਜ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਨੂੰ ਦੱਸਣ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਨੂੰ ਕਿਉਂ ਦਬਾ ਰਹੇ ਹਨ ਤੇ ਉਨ੍ਹਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ। ਸਾਡੇ ਦੁਸ਼ਮਣ ਜੋ ਨਹੀਂ ਕਰ ਸਕੇ, ਨਰਿੰਦਰ ਮੋਦੀ ਹੁਣ ਸਾਡੀ ਤਰੱਕੀ ਨੂੰ ਰੋਕਣ ਲਈ ਕਰ ਰਹੇ ਹਨ।
ਅੱਗੇ ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਤੁਸੀਂ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕੇ ਅਤੇ ਅਰਥਚਾਰੇ ਨੂੰ ਵੀ ਤਬਾਹ ਕਰ ਦਿੱਤਾ, ਇਸੇ ਲਈ ਤੁਸੀਂ ਨਫ਼ਰਤ ਦੇ ਪਿੱਛੇ ਛੁਪੇ ਹੋਏ ਹੋ। ਦੇਸ਼ ਤੁਹਾਨੂੰ ਸੰਵਿਧਾਨ 'ਤੇ ਹਮਲਾ ਕਰਨ ਦੀ ਆਗਿਆ ਨਹੀਂ ਦੇਵੇਗਾ, ‘ਭਾਰਤ ਮਾਂ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੇਗਾ। ਦੇਸ਼ ਦੇ ਅਰਥਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਦੇਸ਼ ਨੂੰ ਦੱਸੋ ਕਿ ਸਾਡੀ ਵਿਕਾਸ ਦਰ 9 ਤੋਂ 4 ਫੀਸਦ ਤੱਕ ਕਿਵੇਂ ਹੇਠਾਂ ਆ ਗਈ ਹੈ?
ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਭਾਜਪਾ ਵਿਦਿਆਰਥੀਆਂ, ਲੋਕਾਂ ਅਤੇ ਨਿਆਂਇਕ ਪ੍ਰਣਾਲੀ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਤਾਂ ਭਾਰਤ ਮਾਤਾ ਤੁਹਾਨੂੰ ਜਵਾਬ ਦੇਵੇਗੀ। ਸਾਰੇ ਸਮਝ ਰਹੇ ਹਨ ਕਿ ਮੋਦੀ ਜੀ ਨੂੰ ਸਿਰਫ ਨਫ਼ਰਤ ਫੈਲਾਉਣੀ ਆਉਂਦੀ ਹੈ। ਇਸ ਦੇਸ਼ ਦੇ ਲੋਕ ਭਾਰਤ ਮਾਤਾ ਦੀ ਆਵਾਜ਼ ਅਤੇ ਇਸ ਦੇਸ਼ 'ਤੇ ਹਮਲਾ ਨਹੀਂ ਕਰਨ ਦੇਵੇਗੀ। ਤੁਹਾਨੂੰ ਇਸ ਦੇਸ਼ ਨੂੰ ਵੰਡਣ ਨਹੀਂ ਦੇਵੇਗੀ। ਇਹ ਸੰਵਿਧਾਨ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਬਣਾਇਆ ਸੀ। ਇਸ ਸੰਵਿਧਾਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੀ ਆਵਾਜ਼ ਹੈ। ਤੁਸੀਂ ਇਸ ਸੰਵਿਧਾਨ 'ਤੇ ਹਮਲਾ ਨਹੀਂ ਕਰ ਸਕਦੇ।