ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਮਿਲਣ ਲਈ ਤਿਹਾੜ ਜੇਲ ਪਹੁੰਚੇ। 9 ਵਜੇ ਮੁਲਾਕਾਤ ਕਰਨ ਤੋਂ ਬਾਅਦ ਉਹ ਤਿਹਾੜ ਜੇਲ ਚੋਂ ਵਾਪਸੀ ਕਰ ਚੁੱਕੇ ਹਨ।
ਦੱਸ ਦਈਏ ਕਿ ਚਿਦੰਬਰਮ ਆਈਐਨਐਕਸ ਮੀਡੀਆ ਮਾਮਲੇ ਵਿੱਚ 21 ਅਗਸਤ ਤੋਂ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਹਨ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਵੀ ਤਿਹਾੜ ਗਏ ਸਨ ਅਤੇ ਚਿਦੰਬਰਮ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ ਅਤੇ ਕਾਰਤੀ ਚਿਦੰਬਰਮ ਨੇ ਸੋਮਵਾਰ ਨੂੰ ਤਿਹਾੜ ਜੇਲ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ। ਮੁਲਾਕਾਤ ਬਾਰੇ ਗੱਲ ਕਰਦਿਆਂ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਕਿ ਚਿਦੰਬਰਮ ਮਜ਼ਬੂਤ ਅਤੇ ਚੰਗੇ ਮੂਡ ਵਿੱਚ ਵਿਖਾਈ ਦਿੱਤੇ।
ਈਡੀ ਨੇ ਗਵਾਹਾਂ ਨਾਲ ਸੰਪਰਕ ਕਰਨ ਦਾ ਲਗਾਇਆ ਦੋਸ਼
ਦੱਸ ਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜਾਂਚ ਵਿੱਚ ਉਸ ਦੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੋਣ ਦੇ ਸਪਸ਼ਟ ਸਬੂਤ ਮਿਲੇ ਹਨ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਆਈਐਨਐਕਸ ਮੀਡੀਆ ਮਾਮਸੇ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਹਿਰਾਸਤ ਵਿੱਚ ਰਹਿੰਦੇ ਹੋਏ ਵੀ ਗਵਾਹਾਂ ਨਾਲ ਸੰਪਰਕ ਕਰਦੇ ਹਨ।
ਇਹ ਵੀ ਪੜ੍ਹੋ:ਉਧਵ ਠਾਕਰੇ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, 28 ਨਵੰਬਰ ਨੂੰ ਚੁੱਕਣਗੇ ਸਹੁੰ
ਈਡੀ ਨੇ ਕਿਹਾ ਕਿ ਜਾਂਚ ਫ਼ਿਲਹਾਲ ਇਕ ਅਹਿਮ ਪੜਾਅ ‘ਤੇ ਹੈ ਅਤੇ ਚਿਦੰਬਰਮ ਨੂੰ ਸਿਰਫ਼ ਇਸ ਅਧਾਰ ‘ਤੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਕੇਂਦਰੀ ਵਿੱਤ ਮੰਤਰੀ ਰਹੇ ਹਨ ਜਾਂ ਹੋਰ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਬੁੱਧਵਾਰ ਨੂੰ ਇਸ ਹਲਫ਼ਨਾਮੇ ‘ਤੇ ਵਿਚਾਰ ਕਰੇਗੀ।