ਨਵੀਂ ਦਿੱਲੀ: ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੈਣੀ ਦੀ ਭਾਲ ਵਿੱਚ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਦਿੱਲੀ ਅਤੇ ਸ਼ਿਮਲਾ ਵਿੱਚ ਸੈਣੀ ਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਪੰਜਾਬ ਪੁਲਿਸ ਵੱਲੋਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਦਿੱਲੀ ਦੇ ਚਾਰ ਜਿਸ ਵਿੱਚ ਪੰਚਸ਼ੀਲ ਪਾਰਕ ਸ਼ਾਮਿਲ ਹੈ, ਵਿਖੇ ਛਾਪੇਮਾਰੀ ਕੀਤੀ ਅਤੇ ਸੈਣੀ ਨੂੰ ਲੱਭਣ ਵਿੱਚ ਕਾਮਯਾਬ ਨਹੀਂ ਹੋ ਸਕੀ। ਪੰਜਾਬ ਪੁਲਿਸ ਨੇ ਸੈਣੀ ਦੀ ਗ੍ਰਿਫਤਾਰੀ ਲਈ ਸੱਤ ਟੀਮਾਂ ਬਣਾਈਆਂ ਹਨ।
ਬਲਵੰਤ ਸਿੰਘ ਮੁਲਤਾਨੀ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਹੋਰ ਮਾਮਲਿਆਂ ਵਿੱਚ ਵੀ ਘਿਰੇ ਹੋਏ ਹਨ। ਰਾਊਸ ਐਵੇਨਿਊ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੈਣੀ ਨੂੰ ਸੀਬੀਆਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। 1994 ਵਿੱਚ ਵਪਾਰੀ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਦੋ ਜਾਣਕਾਰਾਂ ਦੇ ਅਗਵਾ ਕਰਨ ਦਾ ਮਾਮਲਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ।
2004 ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਇਹ ਮਾਮਲਾ ਦਿੱਲੀ ਟਰਾਂਸਫਰ ਕੀਤਾ ਗਿਆ ਸੀ ਅਤੇ ਵੀਰਵਾਰ ਨੂੰ ਇਸ ਦੀ ਵਰਚੁਅਲ ਸੁਣਵਾਈ ਹੋਈ। ਕੋਰਟ ਨੇ ਸੈਣੀ ਨੂੰ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਉਂ ਵਿਅਕਤੀਗਤ ਤੌਰ 'ਤੇ ਕੋਰਟ ਵਿੱਚ ਆਉਣ ਤੋਂ ਛੋਟ ਦਿੱਤੀ ਜਾਵੇ। ਇਸ ਦਾ ਜਵਾਬ ਦੇਣ ਲਈ ਅਦਾਲਤ ਨੇ ਸੈਣੀ ਨੂੰ 12 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਵੀਰਵਾਰ ਨੂੰ ਸੈਣੀ ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਉੱਪਰ ਆਉਣ ਵਾਲੇ ਦਿਨਾਂ ਵਿੱਚ ਸੁਣਵਾਈ ਸੰਭਵ ਹੈ। ਅਗਾਊਂ ਜ਼ਮਾਨਤ ਲਈ ਹੁਣ ਸਾਬਕਾ ਪੁਲਿਸ ਮੁਖੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।