ਹੈਦਰਾਬਾਦ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੱਖਣੀ ਭਾਰਤ ਦੇ ਦੌਰੇ 'ਤੇ ਹਨ। ਇਹ ਰਾਸ਼ਟਰਪਤੀ ਕੋਵਿੰਦ ਦਾ ਇਹ ਰਵਾਇਤੀ ਦੱਖਣੀ ਦੌਰਾ ਹੈ। ਇਸ ਦੀ ਸ਼ੁਰੂਆਤ ਲਈ ਰਾਸ਼ਟਰਪਤੀ ਸ਼ੁੱਕਰਵਾਰ ਹੈਦਰਾਬਾਦ ਪਹੁੰਚੇ ਹਨ ਜਿੱਥੇ ਉਨ੍ਹਾਂ ਦੇ ਹਕੀਮਪੇਟ ਏਅਰਫੋਰਸ ਸਟੇਸ਼ਨ 'ਤੇ ਸਵਾਗਤ ਕੀਤਾ ਗਿਆ ਹੈ।
ਤੇਲੰਗਾਨਾ ਦਾ ਰਾਜਪਾਲ ਤਾਮਿਲੀਸਾਈ ਸੌਂਦਰਾਰਾਜਨ ਅਤੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਰਾਸ਼ਟਰਪਤੀ ਦੇ ਸਵਾਗਤ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਰਹੇ।
ਸੂਬਾ ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 22 ਦਸੰਬਰ ਨੂੰ ਹੈਦਰਾਬਾਦ ਦੇ ਰਸ਼ਟਰਪਤੀ ਰਾਜ ਭਵਨ 'ਚ ਇੱਕ ਸਮਾਰੋਹ ਦੌਰਾਨ ਤੇਲੰਗਾਨਾ ਰਾਜ ਸ਼ਾਖਾ ਦੀ ਇੰਡੀਅਨ ਰੈਡ ਕਰਾਸ ਸੁਸਾਇਟੀ ਦਾ ਇੱਕ ਮੋਬਾਈਲ ਐਪ ਲਾਂਚ ਕਰਨਗੇ। ਰਾਸ਼ਟਰਪਤੀ 23 ਦਸੰਬਰ ਨੂੰ ਤਿਰੂਵਨੰਤਪੁਰਮ ਲਈ ਰਵਾਨਾ ਹੋਣਗੇ ਅਤੇ 26 ਦਸੰਬਰ ਦੀ ਸ਼ਾਮ ਨੂੰ ਸ਼ਹਿਰ ਪਰਤ ਆਉਣਗੇ। ਇਸ ਤੋਂ ਇਲਾਵਾ ਰਾਮਨਾਥ ਕੋਵਿੰਦ 27 ਦਸੰਬਰ ਨੂੰ ਰਾਸ਼ਟਰਪਤੀ ਨੀਲਾਯਮ ਵਿਚ 'ਐਟ ਹੋਮ' ਦੀ ਮੇਜ਼ਬਾਨੀ ਕਰਨਗੇ। ਬਿਆਨ ਮੁਤਾਬਕ 28 ਦਸੰਬਰ ਦੀ ਸ਼ਾਮ ਨੂੰ ਰਾਸ਼ਟਰਪਤੀ ਦਿੱਲੀ ਲਈ ਰਵਾਨਾ ਹੋਣਗੇ।
ਪਰੰਪਰਾ ਦੇ ਮੁਤਾਬਕ, ਰਾਸ਼ਟਰਪਤੀ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਰਾਸ਼ਟਰਪਤੀ ਨੀਲਾਯਮ ਵਿੱਚ ਰੁਕਦੇ ਹਨ ਅਤੇ ਇੱਥੇ ਆਪਣੇ ਅਧਿਕਾਰਤ ਕੰਮ ਕਰਦੇ ਹਨ। ਰਾਸ਼ਟਰਪਤੀ ਨੀਲਾਯਮ ਭਵਨ ਬੋਲਾਰਾਮ 'ਚ ਸਥਿਤ ਹੈ, ਅਤੇ ਇਸਨੂੰ ਹੈਦਰਾਬਾਦ ਦੇ ਨਿਜ਼ਾਮ ਤੋਂ ਲਿਆ ਗਿਆ ਸੀ ਅਤੇ ਰਾਸ਼ਟਰਪਤੀ ਸਕੱਤਰੇਤ ਨੂੰ ਸੌਂਪ ਦਿੱਤਾ ਗਿਆ।
ਹੋਰ ਪੜ੍ਹੋ : ਦਿੱਲੀ ਪੁਲਿਸ ਨੇ CAA ਦਾ ਵਿਰੋਧ ਕਰ ਰਹੇ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਕੀਤਾ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਰਾਸ਼ਟਰਪਤੀ ਨੀਲਾਯਮ ਭਵਨ ਦੀ ਉਸਾਰੀ ਸਾਲ 1860 'ਚ ਹੋਈ ਸੀ ਅਤੇ ਇਹ ਲਗਭਗ 90 ਏਕੜ ਜ਼ਮੀਨ 'ਤੇ ਫੈਲਿਆ ਹੋਇਆ। ਇਸ ਦੀ ਇੱਕ ਮੰਜ਼ਿਲਾ ਇਮਾਰਤ 'ਚ ਕੁੱਲ 11 ਕਮਰੇ ਹਨ।