ਨਵੀਂ ਦਿੱਲੀ: ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਲਾਦ ਪਟੇਲ ਨੇ ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਨਾਲ ਭਰਿਆ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ। ਪ੍ਰਧਾਨ ਮੰਤਰੀ ਨੇ ਇਹ ਕਲਸ਼ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਣ ਲਈ ਸੌਂਪ ਦਿੱਤਾ ਹੈ।
ਪਟੇਲ ਇਹ ਕਲਸ਼ ਲੈ ਕੇ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਏ ਸਨ। ਇਸ ਮੌਕੇ ਪਟੇਲ ਨੇ ਕਿਹਾ, "ਅਸੀਂ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਦਾ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਲੈ ਕੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਕਲਸ਼ ਨੂੰ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਣ ਲਈ ਸਾਨੂੰ ਸੌਂਪਿਆ।"
ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਵਿੱਚ ਉਨ੍ਹਾਂ ਦੇ ਪੁਪਖਿਆਂ ਦਾ ਖ਼ੂਨ ਹੈ। ਸਰਕਾਰ ਨੇ ਉੱਥੋਂ ਦੇ ਖ਼ੂਨ ਨਾਲ ਭਿੱਜੀ ਮਿੱਟੀ ਨੂੰ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਣ ਲਈ ਕਦਮ ਚੁੱਕੇ ਹਨ ਤਾਂ ਜੋ ਇਹ ਲੋਕਾਂ ਨੂੰ ਆਪਣੇ ਪੁਰਖਿਆਂ ਦੀ ਸ਼ਹਾਦਤ ਅਤੇ ਬਲੀਦਾਨ ਨਾਲ ਜਾਣੂ ਕਰਵਾ ਸਕੇ। ਜਲ੍ਹਿਆਂਵਾਲਾ ਬਾਗ ਯਾਦਗਾਰੀ ਟਰੱਸਟ ਨਾਲ ਸਬੰਧਿਤ ਬਿੱਲ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਸ ਸ਼ਹਾਦਤ ਵਾਲੀ ਧਰਤੀ ਦੀ ਮਿੱਟੀ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਾਂਗੇ।
ਦੱਸ ਦਈਏ ਕਿ ਮਿੱਟੀ ਨਾਲ ਭਰੇ ਕਲਸ਼ ਨੂੰ ਉਥੇ ਹੋਈ ਨਸਲਕੁਸ਼ੀ ਦੀਆਂ ਕੌੜੀਆਂ ਯਾਦਾਂ ਦਰਸਾਉਣ ਲਈ ਰਾਸ਼ਟਰੀ ਅਜਾਇਬ ਘਰ ਵਿੱਚ ਰੱਖਿਆ ਜਾ ਰਿਹਾ ਹੈ। ਇਹ ਕਦਮ ਇਕ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਜਲ੍ਹਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਚਲਾਉਣ ਵਾਲੇ ਟਰੱਸਟ ਦੇ ਸਥਾਈ ਮੈਂਬਰ ਵਜੋਂ ਕਾਂਗਰਸ ਪ੍ਰਧਾਨ ਨੂੰ ਹਟਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ।