ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਜੇਟਲੀ ਦਿੱਲੀ ਦੇ ਏਮਜ਼ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਆਖਰੀ ਸਾਹ ਲਏ। 67 ਸਾਲ ਦੇ ਅਰੁਣ ਜੇਟਲੀ ਬੀਤੇ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਦੇਸ਼ ਦੇ ਰਾਸ਼ਟਪਤੀ ਰਾਮਨਾਥ ਕੋਵਿੰਦ ਨੇ ਅਰੁਣ ਜੇਟਲੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਹੁਸ਼ਿਆਰ ਵਕੀਲ, ਇੱਕ ਰੁੱਝੇ ਸਾਂਸਦ ਮੈਂਬਰ ਅਤੇ ਇੱਕ ਉੱਘੇ ਮੰਤਰੀ ਵਜੋਂ, ਉਸ ਨੇ ਰਾਸ਼ਟਰ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
ਜੇਟਲੀ ਦੀ ਮੌਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰੁਣ ਜੇਟਲੀ ਇੱਕ ਉੱਚ ਪਧੱਰ ਦੇ ਰਾਜਨੇਤਾ, ਬੁੱਧੀਮਾਨ ਆਗੂ ਸਨ। ਅਰੁਣ ਜੇਟਲੀ ਇੱਕ ਵਿਚਾਰ ਧਾਰਕ ਆਗੂ ਸਨ ਜਿਨ੍ਹਾਂ ਨੇ ਭਾਰਤ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਇਆ ਹੈ। ਪੀਐੱਮ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਇੱਕ ਦੁੱਖਦਾਈ ਸਮਾਂ ਹੈ। ਇਸ ਮੌਕੇ ਪੀਐੱਮ ਮੋਦੀ ਨੇ ਅਰੁਣ ਜੇਟਲੀ ਦੀ ਪਤਨੀ ਸੰਗੀਤਾ ਤੇ ਪੁੱਤਰ ਰੋਹਨ ਨਾਲ ਫ਼ੋਨ 'ਤੇ ਗੱਲ ਕਰ ਅਫ਼ਸੋਸ ਪ੍ਰਗਟ ਕੀਤਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਟਲੀ ਦੀ ਮੌਤ ਤੇ ਕਿਹਾ, "ਮੈਂ ਬਹੁਤ ਦੁਖੀ ਹਾਂ, ਜੇਤਲੀ ਦਾ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ, ਉਨ੍ਹਾਂ ਰੂਪ 'ਚ ਨਾ ਸਿਰਫ ਸੰਗਠਨ ਦਾ ਇਕ ਸੀਨੀਅਰ ਆਗੂ, ਬਲਕਿ ਪਰਿਵਾਰ ਦਾ ਇਕ ਅਟੁੱਟ ਮੈਂਬਰ ਵੀ ਗੁਆ ਲਿਆ ਹੈ, ਜਿਸਦਾ ਸਮਰਥਨ ਅਤੇ ਮਾਰਗ ਦਰਸ਼ਨ ਮੈਨੂੰ ਸਾਲਾਂ ਤੋਂ ਮਿਲ ਰਿਹਾ ਸੀ।"
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣ ਜੇਟਲੀ ਦੀ ਮੌਤ 'ਤੇ ਟਵਿਟ ਕਰ ਕਿਹਾ, "ਮੇਰੇ ਦੋਸਤ ਤੇ ਬਹੁਤ ਹੀ ਮਹੱਤਵਪੂਰਣ ਸਹਿਯੋਗੀ ਅਰੁਣ ਜੇਟਲੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ, ਉਹ ਪੇਸ਼ੇ ਤੋਂ ਇੱਕ ਨਿਪੁੰਨ ਵਕੀਲ ਅਤੇ ਇੱਕ ਕੁਸ਼ਲ ਰਾਜਨੇਤਾ ਸੀ।"
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਟਲੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।
ਅਰੁਣ ਜੇਟਲੀ ਦੀ ਦਿਹਾਂਤ ਦੀ ਖ਼ਬਰ ਸੁਣ ਕਾਂਗਰਸ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ। ਕਾਂਗਰਸ ਨੇ ਆਪਣੇ ਟਵੀਟ 'ਤੇ ਲਿਖਿਆ, "ਅਰੁਣ ਜੇਟਲੀ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ, ਸੋਗ ਦੇ ਇਸ ਸਮੇਂ ਵਿੱਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਨਾਲ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਰੁਣ ਜੇਟਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।