ਰਾਂਚੀ: ਨਕਸਲੀ ਪ੍ਰਭਾਵਿਤ ਦਸਮ ਖੇਤਰ ਵਿੱਚ ਨਕਸਲੀਆਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ ਦੌਰਾਨ 2 ਜਵਾਨਾਂ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਐਸਟੀਐਫ ਦੇ ਡੀਆਈਜੀ ਸਾਕੇਤ ਕੁਮਾਰ ਸਿੰਘ ਨੇ ਜਵਾਨ ਦੀ ਸ਼ਹਾਦਤ ਹੋਣ ਦੀ ਪੁਸ਼ਟੀ ਕੀਤੀ ਹੈ।
ਏਡੀਜੀ ਐਮਐਲ ਮੀਣਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਂਚੀ-ਖੂੰਟੀ ਜ਼ਿਲ੍ਹਾ ਸਰਹੱਦ ਖੇਤਰ ਵਿੱਚ ਡਾਕਾਪੀੜ੍ਹੀ ਜੰਗਲ ਅਤੇ ਆਲੇ-ਦੁਆਲੇ ਦੇ ਦਿਹਾਤੀ ਖੇਤਰਾਂ ਵਿੱਚ ਨਕਸਲੀ ਟੀਮ ਸਰਗਰਮ ਹੋ ਰਹੀ ਹੈ। ਪਿੰਡ ਵਾਸੀਆਂ ਵੱਲੋਂ ਸੂਚਿਤ ਕੀਤੇ ਜਾਣ ‘ਤੇ ਝਾਰਖੰਡ ਜਗੁਆਰ ਦੀ ਇੱਕ ਟੀਮ ਨੂੰ ਉੱਥੇ ਆਪ੍ਰੇਸ਼ਨ ਕਰਨ ਲਈ ਭੇਜਿਆ ਗਿਆ।
ਸ਼ੁੱਕਰਵਾਰ ਸਵੇਰੇ ਕਰੀਬ 4 ਤੋਂ 5 ਵਜੇ ਦੇ ਵਿਚਕਾਰ ਨਕਸਲੀਆਂ ਅਤੇ ਫੌਜ ਦੇ ਜਵਾਨਾਂ ਵਿਚਾਲੇ ਮੁੱਠਭੇੜ ਹੋਈ ਜਿਸ ਵਿੱਚ ਝਾਰਖੰਡ ਜਗੁਆਰ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ। ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ ਰਵੀ ਸ਼ੰਕਰ ਝਾਅ
ਸ਼ਹੀਦ ਜਵਾਨ ਦਾ ਨਾਂਅ ਅਖਿਲੇਸ਼ ਰਾਮ ਹੈ, ਜੋ ਪਲਾਮੂ ਦੇ ਲੇਸਲੀਗੰਜ ਥਾਣਾ ਖੇਤਰ ਦੇ ਕੁੰਦਰੀ ਪਿੰਡ ਦਾ ਰਹਿਣ ਵਾਲਾ ਸੀ, ਉੱਥੇ ਹੀ ਦੂਜੇ ਜਵਾਨ ਦਾ ਨਾਂਅ ਖੰਜਨ ਕੁਮਾਰ ਮਹਤੋ ਹੈ, ਜੋ ਕਿ ਰਾਂਚੀ ਦੇ ਚੈਨਪੁਰ ਦਾ ਰਹਿਣ ਵਾਲਾ ਸੀ। ਘਟਨਾ ਵਾਲੀ ਥਾਂ ਉੱਤੇ ਆਲਾ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਕੀਤੀ ਤੇ ਸਰਚ ਆਪ੍ਰੇਸ਼ਨ ਜਾਰੀ ਹੈ।