ਫਰੂਖ਼ਾਬਾਦ: ਉੱਤਰ ਪ੍ਰਦੇਸ਼ ਦੇ ਫ਼ਰੂਖਾਬਾਦ 'ਚ ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਦਰਅਸਲ, ਫਰੂਖ਼ਾਬਾਦ ਵਿੱਚ ਵੀਰਵਾਰ ਸ਼ਾਮ ਇੱਕ ਨੌਜਵਾਨ ਨੇ 20 ਬੱਚਿਆਂ ਨੂੰ ਕਮਰੇ 'ਚ ਕੈਦ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਸੂਚਨਾ ਮਿਲਣ 'ਤੇ ਯੂਪੀ 112 ਦੇ ਨਾਲ ਪਹੁੰਚੀ ਕੋਤਵਾਲੀ ਪੁਲਿਸ ਨੇ ਹਿੰਮਤ ਕਰਕੇ ਘਰ ਦੇ ਨੇੜੇ ਜਾਣ ਦਾ ਯਤਨ ਕੀਤਾ ਤਾਂ ਨੌਜਵਾਨ ਨੇ ਹਥਗੋਲ਼ਾ ਸੁੱਟ ਦਿੱਤਾ, ਜਿਸ ਨਾਲ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਲਖਨਉ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਪਿੰਡ ਵਿੱਚ ਇਹ ਘਟਨਾ ਵਾਪਰੀ।
ਵਿਅਕਤੀ ਦੀ ਪਛਾਣ ਸੁਭਾਸ਼ ਬਾਥਮ ਵਜੋਂ ਹੋਈ ਹੈ, ਜੋ ਕਤਲ ਦਾ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੈਰੋਲ 'ਤੇ ਬਾਹਰ ਆਇਆ ਸੀ। ਵੀਰਵਾਰ ਨੂੰ ਉਸ ਨੇ ਆਪਣੇ ਬੱਚੇ ਦੇ ਜਨਮਦਿਨ ਦੇ ਬਹਾਨੇ ਨੇੜੇ ਰਹਿੰਦੇ ਬੱਚਿਆਂ ਨੂੰ ਘਰ ਬੁਲਾਇਆ ਅਤੇ ਫਿਰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਬੇਸਮੈਂਟ ਵਿੱਚ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਪੁਲਿਸ ਮੁਖੀ ਅਨਿਲ ਮਿਸ਼ਰਾ ਨੇ ਲਾਊਡ ਸਪੀਕਰ ਰਾਹੀਂ ਸੁਭਾਸ਼ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਹ ਗਾਲ੍ਹਾਂ ਕੱਢਣ ਲੱਗਿਆ। ਇਸ ਦੌਰਾਨ ਪਿੰਡ ਦਾ ਹੀ ਸੁਭਾਸ਼ ਦਾ ਦੋਸਤ ਅਨੁਪਮ ਦੂਬੇ ਉਰਫ਼ ਬਾਲੂ ਉਸ ਨੂੰ ਸਮਝਾਉਣ ਲਈ ਉਸ ਦੇ ਦਰਵਾਜ਼ੇ ਤਕ ਪਹੁੰਚ ਗਿਆ, ਤਾਂ ਅੰਦਰੋਂ ਸੁਭਾਸ਼ ਨੇ ਫਾਇਰ ਕਰ ਦਿੱਤਾ। ਪੈਰ 'ਚ ਗੋਲ਼ੀ ਲੱਗਣ ਨਾਲ ਬਾਲੂ ਜ਼ਖ਼ਮੀ ਹੋ ਗਿਆ।