ਨਵੀਂ ਦਿੱਲੀ: ਖੇਡ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਫਿਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕੀਤੀ ਜਿਸ ਦਾ ਮੁੱਖ ਮਕਸਦ ਦੇਸ਼ ਵਿੱਚ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਪ੍ਰੋਗਰਾਮ ਕਰਵਾਏ ਗਏ। ਸਟੇਡੀਅਮ ਵਿੱਚ ਮੰਤਰੀਆਂ ਸਮੇਤ ਕਈ ਵਿਦਿਆਰਥੀ ਅਤੇ ਫ਼ਿਲਮੀ ਹਸਤੀਆਂ ਵੀ ਮੌਜੁਦ ਹਨ। ਇਸ ਮੌਕੇ ਸਟੇਡੀਅਮ ਵਿੱਚ ਵੱਖ-ਵੱਖ ਸੂਬਿਆਂ ਵੱਲੋਂ ਕਈ ਪ੍ਰੋਗਰਾਮ ਪੇਸ਼ ਕੀਤੇ ਗਏ।
ਮੇਜਰ ਧਿਆਨ ਚੰਦ ਨੂੰ ਕੀਤਾ ਯਾਦ
ਅਭਿਆਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਮੇਜਰ ਧਿਆਨ ਚੰਦ ਵਜੋਂ ਮਹਾਨ ਖਿਡਾਰੀ ਮਿਲੇ, ਅੱਜ ਦੇਸ਼ ਉਨ੍ਹਾਂ ਅੱਗੇ ਝੁਕ ਰਿਹਾ ਹੈ। ਮੋਦੀ ਨੇ ਕਿਹਾ ਕਿ ਫਿਟ ਇੰਡੀਆ ਅੰਦੋਲਨ ਦੁਆਰਾ ਤੰਦਰੁਸਤ ਭਾਰਤ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਫਿਟ ਇੰਡੀਆ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਜਿਸ ਨਾਲ ਖੇਡਾਂ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਖੇਡਾਂ ਨੂੰ ਵਧੀਆਂ ਬਣਾਉਣ ਲਈ ਕਈ ਕਦਮ ਚੁੱਕੇ ਹਨ। ਮੋਦੀ ਨੇ ਕਿਹਾ ਕਿ ਫਿਟਨਸ ਸਿਰਫ ਇੱਕ ਸ਼ਬਦ ਨਹੀਂ ਹੈ, ਬਲਕਿ ਤੰਦਰੁਸਤ ਜ਼ਿੰਦਗੀ ਲਈ ਜ਼ਰੂਰੀ ਸ਼ਰਤ ਹੈ।
ਸਫ਼ਲਤਾ ਲਈ ਤੰਦਰੂਸਤੀ ਜ਼ਰੂਰੀ
ਮੋਦੀ ਨੇ ਕਿਹਾ ਕਿ ਜਦੋਂ ਅਸੀਂ ਤੰਦਰੁਸਤੀ ਵੱਲ ਧਿਆਨ ਦਿੰਦੇ ਹਾਂ, ਤੰਦਰੁਸਤ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਸਮੇਂ ਸਾਨੂੰ ਸਾਡੇ ਸਰੀਰ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਹ ਹੈਰਾਨੀ ਵਾਲੀ ਗੱਲ ਹੈ, ਪਰ ਅਸੀਂ ਆਪਣੇ ਸਰੀਰ, ਆਪਣੀ ਤਾਕਤ ਅਤੇ ਆਪਣੀਆਂ ਕਮਜ਼ੋਰੀਆਂ ਬਾਰੇ ਬਹੁਤ ਘੱਟ ਜਾਣਦੇ ਹਾਂ। ਪੀਐਮ ਨੇ ਕਿਹਾ ਕਿ ਸਫਲਤਾ ਅਤੇ ਤੰਦਰੁਸਤੀ ਦਾ ਰਿਸ਼ਤਾ ਵੀ ਆਪਸ ਵਿਚ ਜੁੜਿਆ ਹੋਇਆ ਹੈ। ਕੋਈ ਵੀ ਖੇਤਰ ਲੈ ਲਵੋ, ਆਪਣੇ ਆਈਕਾਨਾਂ ਨੂੰ ਦੇਖੋ, ਉਨ੍ਹਾਂ ਦੀ ਸਫਲਤਾ ਦੀ ਕਹਾਣੀ ਵੇਖੋ, ਭਾਵੇਂ ਉਹ ਖੇਡਾਂ ਵਿੱਚ ਹੋਵੇ, ਫਿਲਮਾਂ ਵਿੱਚ ਜਾ ਕਾਰੋਬਾਰ ਵਿੱਚ, ਉਨ੍ਹਾਂ ਵਿਚੋਂ ਜ਼ਿਆਦਾਤਰ ਤੰਦਰੁਸਤ ਹਨ। ਮੋਦੀ ਨੇ ਕਿਹਾ ਕਿ ਕਈ ਦੇਸ਼ ਤੰਦਰੁਸਤੀ ਲਈ ਵੱਡੀਆਂ ਮੁਹਿੰਮਾਂ ਚੱਲਾ ਰਹੇ ਹਨ। ਕੁਝ ਦੇਸ਼ਾਂ ਨੇ ਫਿਟਨੇਸ ਦੇ ਸੰਬੰਧ ਵਿੱਚ ਆਪਣੇ ਟੀਚੇ ਵੀ ਨਿਰਧਾਰਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਭਾਰਤ ਦੇ ਨਾਗਰਿਕਾਂ ਨੂੰ ਵੀ ਤੰਦਰੁਸਤੀ ਵੱਲ ਕਦਮ ਵਧਾਉਣਾ ਚਾਹੀਦਾ ਹੈ।
ਦੱਸ ਦਈਏ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਦੇਸ਼ ਵਿਚ ਹਰ ਸਾਲ ਖੇਡ ਦਿਵਸ ਮਨਾਇਆ ਜਾਂਦਾ ਹੈ। ਫਿਟ ਇੰਡੀਆ ਅਭਿਆਨ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ। ਇਨ੍ਹਾਂ ਵਿਚ ਖੇਡ ਵਿਭਾਗ, ਪੰਚਾਇਤ ਰਾਜ ਅਤੇ ਪੇਂਡੂ ਵਿਕਾਸ ਵਰਗੇ ਵਿਭਾਗ ਸ਼ਾਮਲ ਹਨ।