ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ਕੋਲ ਬਣਾਏ ਗਏ ਨੈਸ਼ਨਲ ਵਾਰ ਮੈਮੋਰੀਅਲ ਨੂੰ ਅੱਜ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਉਨ੍ਹਾਂ ਜਵਾਨਾਂ ਲਈ ਸਨਮਾਨ ਹੋਵੇਗਾ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ।
176 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਮਾਰਕ ਦਾ ਉਦਘਾਟਨ ਫ਼ੌਜ ਦੀ ਪਰੰਪਰਾ ਅਨੁਸਾਰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਮਵੀਰ ਚੱਕਰ ਪੁਰਸਕਾਰ ਜੇਤੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ।
ਨੈਸ਼ਨਲ ਵਾਰ ਮੈਮੋਰੀਅਲ 40 ਏਕੜ 'ਚ ਫੈਲਿਆ ਹੋਇਆ ਹੈ। ਇਸ ਰਾਸ਼ਟਰੀ ਯੁੱਧ ਸਮਾਰਕ 'ਚ ਉਨ੍ਹਾਂ ਸਾਰੇ ਫ਼ੌਜੀਆਂ ਦੇ ਨਾਂਅ ਮੌਜੂਦ ਹਨ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ।
ਰਾਸ਼ਟਰੀ ਯੁੱਧ ਸਮਾਰਕ ਇੰਡੀਆ ਗੇਟ ਦੇ ਬਿਲਕੁੱਲ ਸਾਹਮਣੇ ਬਣਾਇਆ ਗਿਆ ਹੈ। ਇਹ ਵੱਖ-ਵੱਖ ਯੁੱਧਾਂ 'ਚ ਸ਼ਹੀਦ ਹੋਣ ਵਾਲੇ 25 ਹਜ਼ਾਰ ਫ਼ੌਜੀਆਂ ਨੂੰ ਸਨਮਾਨ ਵਜੋਂ ਬਣਾਇਆ ਗਿਆ ਹੈ।