ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫਰਾਂਸ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਬਹਿਰੀਨ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਪੀਐੱਮ ਦੇ ਇਸ ਦੌਰੇ ਦਾ ਪਹਿਲਾ ਸਟਾਪ ਫਰਾਂਸ ਹੋਵੇਗਾ ਜਿਸ ਨੇ ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਉੱਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਹਮਾਇਤ ਕੀਤੀ ਹੈ।
ਪੀਐੱਮ 22 ਅਗਸਤ ਤੋਂ ਫਰਾਂਸ ਦੇ 2 ਦਿਨਾਂ ਦੇ ਸਰਕਾਰੀ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਨਗੇ। ਇਸ ਦੇ ਏਜੰਡੇ 'ਚ ਰੱਖਿਆ ਸਹਿਯੋਗ, ਪ੍ਰਮਾਣੂ ਊਰਜਾ, ਸਮੁੰਦਰੀ ਸਹਿਯੋਗ ਅਤੇ ਅੱਤਵਾਦ ਵਿਰੋਧੀ ਉਪਾਅ ਸਿਖਰ 'ਤੇ ਰਹਿਣਗੇ। ਭਾਰਤ ਨੇ ਲਗਭਗ 60,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਜਹਾਜ਼ਾਂ ਦੀ ਖ਼ਰੀਦ ਦਾ ਸੌਦਾ ਪੂਰਾ ਕਰ ਲਿਆ ਹੈ, ਅਤੇ ਇਸ ਸੌਦੇ ਤਹਿਤ ਜੈੱਟ ਜਹਾਜ਼ਾਂ ਦਾ ਪਹਿਲਾ ਜੱਥਾ ਇਸ ਸਾਲ ਭਾਰਤ ਆ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਬਾਅਦ ਯੂਏਈ ਅਤੇ ਬਹਿਰੀਨ ਜਾਣਗੇ। ਇਸ ਦੇ ਨਾਲ ਹੀ ਉਹ 25 ਅਗਸਤ ਨੂੰ ਜੀ -7 ਸੰਮੇਲਨ ਲਈ ਮੁੜ ਫਰਾਂਸ ਦੇ ਬਿਯਰਿਟਜ਼ ਸ਼ਹਿਰ ਆਉਣਗੇ। ਭਾਰਤ ਨੂੰ ਉਥੇ ਸਹਿਭਾਗੀ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਦੌਰੇ ਦੌਰਾਨ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਚਾਰਲਸ ਫਿਲਿਪ ਨੂੰ ਵੀ ਮਿਲਣਗੇ। ਸੈਕਟਰੀ (ਆਰਥਿਕ ਸੰਬੰਧ) ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਮੋਦੀ ਅਤੇ ਮੈਕਰੌਨ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤੀ ਦੇਣਗੇ। ਇਸ ਦੇ ਨਾਲ ਹੀ ਗੱਲਬਾਤ ਵਿੱਚ ਰੱਖਿਆ ਖ਼ਰੀਦ, ਜੈਤਾਪੁਰ ਪਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਦੀ ਪ੍ਰਗਤੀ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਉਨ੍ਹਾਂ ਦੀਆਂ ਤਰਜੀਹਾਂ ਸ਼ਾਮਲ ਹੋਣਗੇ।
ਪੀਐੱਮ ਮੋਦੀ ਫ਼ਰਾਂਸ ਤੋਂ ਯੂਏਈ ਜਾਣਗੇ ਜਿਸ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦੇ ਕਦਮਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਯੂਏਈ ਨਾਲ ਭਾਰਤ ਦੇ ਨੇੜਤਾ ਵਾਲੇ ਸਬੰਧ ਹਨ। ਉਨ੍ਹਾਂ 6 ਅਗਸਤ ਨੂੰ ਕਿਹਾ ਕਿ ਭਾਰਤ ਸਰਕਾਰ ਦਾ ਧਾਰਾ 370 ਹਟਾਉਣ ਦਾ ਫੈਸਲਾ ਭਾਰਤ ਦਾ ਅੰਦਰੂਨੀ ਮਸਲਾ ਹੈ। ਮੋਦੀ, ਆਬੂ ਧਾਬੀ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਕੇ ਦੁਵੱਲੇ, ਖੇਤਰੀ ਅਤੇ ਆਪਸੀ ਲਾਭਕਾਰੀ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਨਗੇ।
ਪੀਐੱਮ ਮੋਦੀ ਨੂੰ ਯੂਏਈ ਦਾ ਸਰਵਉੱਚ ਸਨਮਾਨ 'ਆਰਡਰ ਆਫ਼ ਜ਼ਾਇਦ' ਵੀ ਦਿੱਤਾ ਜਾਵੇਗਾ। ਇਸ ਸਾਲ ਅਪ੍ਰੈਲ ਵਿੱਚ ਉਨ੍ਹਾਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਸੀ। ਪੀਐੱਮ ਮੋਦੀ 24-25 ਅਗਸਤ ਨੂੰ ਬਹਿਰੀਨ ਦੇ ਦੌਰੇ ‘ਤੇ ਹੋਣਗੇ। ਉਹ ਬਹਿਰੀਨ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।