ਨਵੀਂ ਦਿਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਦੀ ਕੋਰੋਨਾ ਵਾਇਰਸ ਨਾਲ ਨਜਿੱਠਣ ਸਬੰਧੀ ਵੀਡੀਓ ਕਾਨਫ਼ਰੰਸ ਵਿੱਚ ਹਿੱਸਾ ਲਿਆ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਨੇ ਸਾਰਕ ਦੇਸ਼ਾਂ ਨੂੰ ਕੋਰੋਨਾਵਾਇਰਸ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ।
ਕੋਵਿਡ-19 ਲਈ ਪੀਐਮ ਮੋਦੀ ਨੇ ਦਿੱਤੀ ਐਮਰਜੈਂਸੀ ਫੰਡ ਦਾ ਸੁਝਾਅ
ਭਾਰਤ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕ ਐਮਰਜੈਂਸੀ ਫੰਡ ਦਾ ਸੁਝਾਅ ਦਿੱਤਾ ਹੈ। ਮੋਦੀ ਨੇ ਸਾਰਕ ਦੇਸ਼ਾਂ ਲਈ 74 ਕਰੋੜ ਰੁਪਏ ਦੇ ਫ਼ੰਡ ਦਾ ਪ੍ਰਸਤਾਅ ਰੱਖਿਆ ਅਤੇ ਫ਼ੰਡ ਦਾ ਨਾਂਅ COVID19 ਐਮਰਜੈਂਸੀ ਫ਼ੰਡ ਹੋਵੇਗਾ। ਭਾਰਤ ਸ਼ੁਰੂ 'ਚ ਇਸ ਫ਼ੰਡ 'ਚ 10 ਮਿਲੀਅਨ ਡਾਲਰ ਮਤਲਬ ਲਗਭਗ 74 ਕਰੋੜ ਰੁਪਏ ਦੇਵੇਗਾ।
ਮੋਦੀ ਨੇ ਦਿੱਤਾ ਮਾਰਗ ਦਰਸ਼ਕ ਮੰਤਰ
ਪ੍ਰਧਾਨ ਮੰਤਰੀ ਮੋਦੀ ਨੇ ਕਾਨਫ਼ਰੰਸ 'ਚ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਮਾਰਗ ਦਰਸ਼ਕ ਮੰਤਰ ਹੈ - 'ਤਿਆਰ ਰਹੋ, ਪਰ ਘਬਰਾਓ ਨਾ'। ਅਸੀਂ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਮੱਧ ਜਨਵਰੀ ਤੋਂ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਹੌਲੀ-ਹੌਲੀ ਯਾਤਰਾ ਪਾਬੰਦੀ ਵਧਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਨਵਰੀ ਮਹੀਨੇ ਤੋਂ ਹੀ ਇਸ ਦੀ ਸਕ੍ਰੀਨਿੰਗ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ 1400 ਭਾਰਤੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਰਕੇ ਡੇਰਾ ਬਿਆਸ ਨੇ 31 ਮਾਰਚ ਤੱਕ ਸਤਸੰਗ ਸਮਾਗਮ ਕੀਤੇ ਰੱਦ
ਦੱਸ ਦਈਏ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਲਿਖਿਆ ਸੀ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਾਰਕ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਕਾਨਫ਼ਰੰਸ ਆਯੋਜਿਤ ਕੀਤੀ ਗਈ। ਸਾਰਕ ਦੇਸ਼ਾਂ 'ਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਸ਼ਾਮਿਲ ਹਨ।