ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਨੇ ਮੰਗਲਵਾਰ ਨੂੰ ਦੇਸ਼ ਨੂੰ 'ਸਵੈ-ਨਿਰਭਰ' ਰਹਿਣ ਅਤੇ ਕੋਵਿਡ-19 ਨਾਲ ਨਜਿੱਠਣ ਲਈ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਪੀਐਮ ਨੇ ਦੱਸਿਆ ਕਿ ਤਾਲਾਬੰਦੀ ਦਾ ਚੌਥਾ ਪੜਾਅ ਨਵੀਂ ਰੂਪ ਰੇਖਾ ਵਾਲਾ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਅੱਜ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੀ ਘੋਸ਼ਣਾ ਕਰਦਾ ਹਾਂ। ਇਹ ਆਤਮ ਨਿਰਭਰ ਭਾਰਤ ਅਭਿਆਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ। ਕੋਵਿਡ-19 ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਐਲਾਨ, ਆਰਬੀਆਈ ਦੇ ਫ਼ੈਸਲੇ ਅਤੇ ਅੱਜ ਦੇ ਪੈਕੇਜ ਨੂੰ ਕੁੱਲ ਮਿਲਾ ਕੇ 20 ਲੱਖ ਕਰੋੜ ਰੁਪਏ ਹਨ। ਇਹ ਭਾਰਤ ਦੀ ਜੀਡੀਪੀ ਦਾ 10 ਫ਼ੀਸਦ ਹੈ।"
ਪੀਐਮ ਨੇ ਕਿਹਾ ਕਿ ਭਾਰਤ ਪੰਜ ਥੰਮ੍ਹਾਂ- ਅਰਥ ਵਿਵਸਥਾ, ਬੁਨਿਆਦੀ ਢਾਂਚਾ, ਸਿਸਟਮ, ਡੈਮੋਗ੍ਰਾਫ਼ੀ ਅਤੇ ਡਿਮਾਂਡ ਦੀ ਪਾਲਣਾ ਕਰਕੇ ਸਵੈ-ਨਿਰਭਰ ਹੋ ਸਕਦਾ ਹੈ।
ਮਨੁੱਖਤਾ ਕੋਰੋਨਾ ਤੋਂ ਹਾਰ ਸਵੀਕਾਰ ਨਹੀਂ ਕਰੇਗੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖਤਾ ਕੋਰੋਨਾ ਵਾਇਰਸ ਤੋਂ ਹਾਰ ਨੂੰ ਸਵੀਕਾਰ ਨਹੀਂ ਕਰੇਗੀ ਪਰ ਲੋਕਾਂ ਨੂੰ ਸੁਰੱਖਿਅਤ ਰਹਿਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਹੋਵੇਗਾ। ਉਨ੍ਹਾਂ ਕਿਹਾ, "ਅਸੀਂ ਅਜਿਹੇ ਸੰਕਟ ਬਾਰੇ ਪਹਿਲਾਂ ਕਦੇ ਸੁਣਿਆ ਸੀ ਅਤੇ ਨਾ ਕਦੇ ਨਹੀਂ ਵੇਖਿਆ। ਇਹ ਮਨੁੱਖ ਜਾਤੀ ਲਈ ਨਿਸ਼ਚਤ ਰੂਪ ਤੋਂ ਕਲਪਨਾ ਕਰਨ ਯੋਗ ਨਹੀਂ ਹੈ। ਇਹ ਬੇਮਿਸਾਲ ਹੈ। ਪਰ ਮਨੁੱਖਤਾ ਇਸ ਵਾਇਰਸ ਤੋਂ ਹਾਰ ਨੂੰ ਸਵੀਕਾਰ ਨਹੀਂ ਕਰੇਗੀ। ਸਾਨੂੰ ਨਾ ਸਿਰਫ਼ ਆਪਣੀ ਰੱਖਿਆ ਕਰਨੀ ਪਵੇਗੀ ਬਲਕਿ ਅੱਗੇ ਵਧਣਾ ਵੀ ਪਏਗਾ।"
ਇਰਾਦਾ ਹੋਰ ਪੱਕਾ ਕਰਨਾ ਪਏਗਾ
ਵਾਇਰਸ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ, "ਚਾਰ ਮਹੀਨੇ ਹੋ ਗਏ ਹਨ ਵਿਸ਼ਵ ਕੋਵਿਡ-19 ਨਾਲ ਲੜ ਰਿਹਾ ਹੈ। ਕੋਵਿਡ-19 ਨਾਲ ਵੱਖ-ਵੱਖ ਦੇਸ਼ਾਂ ਦੇ 42 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ 2.75 ਲੱਖ ਤੋਂ ਵੱਧ ਲੋਕ ਇਸ ਵਾਇਰਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅੱਜ ਜਦੋਂ ਪੂਰੀ ਦੁਨੀਆ ਸੰਕਟ ਵਿੱਚ ਹੈ, ਸਾਨੂੰ ਆਪਣਾ ਇਰਾਦਾ ਹੋਰ ਪੱਕਾ ਕਰਨਾ ਪਏਗਾ।"
ਜਨਤਕ ਗਤੀਵਿਧੀਆਂ ਵਧਾਉਣ ਦੀ ਲੋੜ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਇਸ ਬਿਮਾਰੀ ਦੀ ਸੰਚਾਰ ਦਰ ਨੂੰ ਘਟਾਉਣ ਅਤੇ ਜਨਤਕ ਗਤੀਵਿਧੀਆਂ ਨੂੰ ਹੌਲੀ ਹੌਲੀ ਵਧਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਦੋਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨ ਕਰਨ ਦੀ ਲੋੜ ਹੈ।
ਨਵੀਂ ਰੂਪ-ਰੇਖਾ ਵਾਲਾ ਹੋਵੇਗਾ ਲੌਕਡਾਊਨ 4.0
ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਤਾਲਾਬੰਦੀ ਦੇ ਤੀਜੇ ਪੜਾਅ ਦੌਰਾਨ ਲਗਾਈਆਂ ਪਾਬੰਦੀਆਂ ਦੀ ਤਾਲਾਬੰਦੀ ਦੇ ਚੌਥੇ ਪੜਾਅ ਵਿੱਚ ਜ਼ਰੂਰਤ ਨਹੀਂ ਪਏਗੀ। ਉਨ੍ਹਾਂ ਕਿਹਾ ਕਿ ਲੌਕਡਾਊਨ ਦਾ ਚੌਥਾ ਪੜਾਅ ਨਵੇਂ ਰੂਪ ਵਾਲਾ ਹੋਵੇਗਾ ਅਤੇ ਇਸ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਬਾਰੇ ਦੇਸ਼ ਵਾਸੀਆਂ ਨੂੰ 18 ਮਈ ਤੋਂ ਪਹਿਲਾਂ ਜਾਣੂ ਕਰਵਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਪਹਿਲਾ ਲੌਕਡਾਊਨ 25 ਮਾਰਚ ਤੋਂ 14 ਅਪ੍ਰੈਲ ਅਤੇ ਦੂਜਾ ਲੌਕਡਾਊਨ 15 ਅਪ੍ਰੈਲ ਤੋਂ 3 ਮਈ ਤੱਕ ਰੱਖਿਆ ਗਿਆ ਸੀ। ਇਸ ਤੋਂ ਬਾਅਦ ਤੀਸਰੇ ਪੜਾਅ ਦਾ ਲੌਕਡਾਊਨ 4 ਮਈ ਤੋਂ ਸ਼ੁਰੂ ਹੋਇਆ ਜੋ 17 ਮਈ ਤੱਕ ਚੱਲੇਗਾ।