ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਮੰਗਲਵਾਰ ਨੂੰ ਕੰਗਣਾ ਰਣੌਤ ਦੇ ਕਥਿਤ ਤੌਰ 'ਤੇ ਡਰੱਗਜ਼ ਲੈਣ ਦੇ ਮਾਮਲੇ 'ਚ ਜਾਂਚ ਦੇ ਹੁਕਮ ਦੇਣ ਤੋਂ ਬਾਅਦ ਅਦਾਕਾਰਾ ਨੇ ਮੰਤਰੀ ਨੂੰ ਜਵਾਬ ਦਿੱਤਾ ਹੈ।
ਕੰਗਨਾ ਨੇ ਟਵੀਟ ਕਰ ਕਿਹਾ ਹੈ ਕਿ ਮੈਂ ਖ਼ੁਸ਼ੀ ਨਾਲ ਮੁੰਬਈ ਪੁਲਿਸ ਦਾ ਸਹਿਯੋਗ ਕਰਾਂਗੀ। ਕੰਗਨਾ ਨੇ ਕਿਹਾ ਕਿ ਮੇਰਾ ਡਰੱਗ ਟੈਸਟ ਕਰਵਾਇਆ ਜਾਵੇ ਅਤੇ ਕਾਲ ਰਿਕਾਰਡਾਂ ਦੀ ਪੜਤਾਲ ਹੋਵੇ। ਜੇ ਨਸ਼ਾ ਤਸਕਰਾਂ ਨਾਲ ਮੇਰਾ ਕੋਈ ਸਬੰਧ ਨਿਕਲਿਆ ਤਾਂ ਮੈਂ ਆਪਣੀ ਗ਼ਲਤੀ ਮੰਨ ਕੇ ਹਮੇਸ਼ਾ ਲਈ ਮੁੰਬਈ ਛੱਡ ਦਿਆਂਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਨਿਲ ਦੇਸ਼ਮੁਖ ਨੇ ਕਿਹਾ ਸੀ ਕਿ ਉਨ੍ਹਾਂ ਦੇ 2 ਵਿਧਾਇਕਾਂ ਨੇ ਕੰਗਨਾ ਦੇ ਐਕਸ ਬੁਆਏਫ੍ਰੈਂਡ ਅਧਿਅਨ ਸੁਮਨ ਵੱਲੋਂ ਲਾਏ ਦੋਸ਼ਾਂ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਵਿੱਚ ਬੇਨਤੀ ਕੀਤੀ ਸੀ ਕਿ ਡਰੱਗਜ਼ ਮਾਮਲੇ ਵਿੱਚ ਕੰਗਨਾ ਦੀ ਜਾਂਚ ਕੀਤੀ ਜਾਵੇ। ਇੱਕ ਇੰਟਰਵਿਊ ਦੌਰਾਨ ਅਧਿਅਨ ਸੁਮਨ ਨੇ ਕਿਹਾ ਸੀ ਕਿ ਕੰਗਨਾ ਡਰੱਗਜ਼ ਦਾ ਸੇਵਨ ਕਰਦੀ ਹੈ ਅਤੇ ਕੰਗਨਾ ਨੇ ਉਸ ਨੂੰ ਵੀ ਕਈ ਵਾਰ ਡਰੱਗਜ਼ ਲੈਣ ਲਈ ਮਜਬੂਰ ਕੀਤਾ ਸੀ।