ਨਵੀਂ ਦਿੱਲੀ: ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਕੋਈ ਪਹਿਲਾਂ ਤੋਂ ਨਿਰਧਾਰਿਤ ਉਡਾਣ ਵਿੱਚ ਫ਼ੋਟੋਗ੍ਰਾਫੀ ਕਰਦੇ ਪਾਇਆ ਗਿਆ ਤਾਂ ਉਸ ਰਸਤੇ ਉੱਤੇ ਉਡਾਣ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।
ਡੀਜੀਸੀਏ ਨੂੰ ਬੁੱਧਵਾਰ ਨੂੰ ਇੰਡੀਗੋ ਦੀ ਚੰਡੀਗੜ੍ਹ ਤੋਂ ਮੁੰਬਈ ਜਾਣ ਵਾਲੀ ਇੱਕ ਉਡਾਣ ਵਿੱਚ ਸੁਰੱਖਿਆ ਤੇ ਸਮਾਜਿਕ ਦੂਰੀ ਪ੍ਰੋਟੋਕੋਲ ਦੀ ਕਥਿਤ ਉਲੰਘਣਾ ਦਾ ਪਤਾ ਲੱਗਿਆ ਸੀ, ਜਿਸ ਵਿੱਚ ਅਭਿਨੇਤਰੀ ਕੰਗਨਾ ਰਣੌਤ ਨੇ ਵੀ ਯਾਤਰਾ ਕੀਤੀ ਸੀ। ਇਸ ਤੋਂ ਬਾਅਦ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਇੰਡੀਗੋ ਮੈਨੇਜਮੈਂਟ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ।
ਬੁੱਧਵਾਰ ਨੂੰ ਜਹਾਜ਼ ਦੇ ਅੰਦਰ ਹੋਏ ਘਟਨਾਕ੍ਰਮ ਦੇ ਵੀਡੀਓ ਦੇ ਅਨੁਸਾਰ, ਰਿਪੋਰਟਰ ਅਤੇ ਕੈਮਰਾਮੈਨ ਰਨੌਤ ਦੀ ਪ੍ਰਤੀਕ੍ਰਿਆ ਲੈਣ ਲਈ ਆਪਸ ਵਿੱਚ ਧੱਕਾ ਮੁੱਕੀ ਕਰਦੇ ਅਤੇ ਇੱਕ ਦੂਜੇ ਨਾਲ ਭਿੜਦੇ ਵੇਖੇ ਗਏ।
ਡੀਜੀਸੀਏ ਨੇ ਸ਼ਨੀਵਾਰ ਨੂੰ ਆਪਣੇ ਆਦੇਸ਼ ਵਿੱਚ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਤੋਂ ਜੇਕਰ ਪਹਿਲਾਂ ਤੋਂ ਨਿਰਧਾਰਤ ਯਾਤਰੀ ਜਹਾਜ਼ ਵਿੱਚ ਅਜਿਹੀ ਕੋਈ ਉਲੰਘਣਾ (ਫ਼ੋਟੋਗ੍ਰਾਫੀ) ਕਰਦਾ ਹੈ ਤਾਂ ਅਗਲੇ ਦਿਨ ਤੋਂ ਉਸ ਰਸਤੇ ਦੀ ਉਡਾਣ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।