ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਵਿੱਚ ਹਲਚਲ ਮਚੀ ਹੋਈ ਹੈ। ਕਾਂਗਰਸ ਦੇ ਸੀਨੀਅਰ ਆਗੂ ਪੀਸੀ ਚਾਕੋ ਨੇ ਚੋਣਾਂ ਵਿੱਚ ਹਾਰ ਤੋਂ ਬਾਅਦ ਦਿੱਲੀ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਪੀਸੀ ਚਾਕੋ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪਾਰਟੀ ਦੀ ਹੋਈ ਮਾੜੀ ਹਾਲਤ ਨੂੰ ਲੈ ਕੇ ਬਿਆਨ ਦਿਤਾ ਸੀ। ਪੀਸੀ ਚਾਕੋ ਨੇ ਕਿਹਾ ਸੀ ਕਿ ਕਾਂਗਰਸ ਦਾ ਪਤਨ 2013 ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸਨ। ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਸਾਰੀਆਂ ਵੋਟਾਂ ਖੋਹ ਲਈਆਂ। ਉਨ੍ਹਾਂ ਕਿਹਾ, "ਅਸੀਂ ਕਾਂਗਰਸ ਦੇ ਵੋਟ ਬੈਂਕ ਨੂੰ ਕਦੇ ਵਾਪਸ ਨਹੀਂ ਹਾਸਲ ਕਰ ਸਕਦੇ। ਇਹ ਅਜੇ ਵੀ ਆਪ ਨਾਲ ਬਣਿਆ ਹੋਇਆ ਹੈ।"
ਜ਼ਿਕਰਯੋਗ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਅਗਵਾਈ ਹੇਠ 15 ਸਾਲਾਂ ਤਕ ਦਿੱਲੀ 'ਤੇ ਰਾਜ ਕਰਨ ਵਾਲੀ ਕਾਂਗਰਸ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ। ਪਾਰਟੀ ਨੂੰ ਪੰਜ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ।
ਇਸ ਤੋਂ ਬਾਅਦ ਕਾਂਗਰਸ ਦੇ 63 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਪਾਰਟੀ ਦੇ ਸਿਰਫ ਤਿੰਨ ਉਮੀਦਵਾਰ ਆਪਣੀ ਜ਼ਮਾਨਤ ਬਚਾਅ ਸਕੇ ਹਨ।